''ਗਰੈਂਡ ਮੈਨਰ ਹੋਮਜ਼'' ਦੇ ਗੇਟ ਦੀ ਸਰਕਾਰੀ ਸੀਲ ਤੋੜਨ ''ਤੇ ਹੋਵੇ ਕਾਰਵਾਈ: ਮਾਣੂੰਕੇ

Tuesday, Mar 19, 2019 - 10:01 AM (IST)

''ਗਰੈਂਡ ਮੈਨਰ ਹੋਮਜ਼'' ਦੇ ਗੇਟ ਦੀ ਸਰਕਾਰੀ ਸੀਲ ਤੋੜਨ ''ਤੇ ਹੋਵੇ ਕਾਰਵਾਈ: ਮਾਣੂੰਕੇ

ਚੰਡੀਗੜ੍ਹ (ਰਮਨਜੀਤ) - ਲੁਧਿਆਣਾ 'ਚ ਨਾਜਾਇਜ਼ ਤਰੀਕੇ ਨਾਲ ਉਸਾਰੇ ਜਾ ਰਹੇ ਬਹੁ-ਚਰਚਿਤ 'ਗਰੈਂਡ ਮੈਨਰ ਹੋਮਜ਼' ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਸੀਲ ਕਰਨ ਦੇ ਬਾਵਜੂਦ ਪ੍ਰਾਜੈਕਟ ਮਾਲਕਾਂ ਵਲੋਂ ਸੀਲ ਤੋੜ ਕੇ ਇਕ ਗੇਟ ਖੋਲ੍ਹ ਲੈਣ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਨੋਟਿਸ ਲਿਆ ਹੈ। 'ਆਪ' ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਵਿਧਾਨ ਸਭਾ 'ਚ ਪਾਰਟੀ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਦੋਸ਼ ਲਾਇਆ ਹੈ ਕਿ ਜਦ ਤੱਕ ਇਸ ਲੈਂਡ ਘੁਟਾਲੇ 'ਚ ਸ਼ਾਮਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ, ਉਦੋਂ ਤੱਕ ਲੈਂਡ ਮਾਫ਼ੀਆ ਕਾਨੂੰਨ ਨੂੰ ਟਿੱਚ ਸਮਝਦਾ ਰਹੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਆਸ਼ੂ ਦੀ ਸ਼ਹਿ 'ਤੇ ਪ੍ਰਾਜੈਕਟ ਮਾਲਕ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਰੋਕ ਲੱਗਣ ਦੇ ਬਾਵਜੂਦ ਆਪਣਾ ਕਾਰਜ ਨਿਰਵਿਘਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਕਾਰਨ ਆਸ਼ੂ ਅਧਿਕਾਰੀਆਂ ਨੂੰ ਡਰਾ-ਧਮਕਾ ਰਹੇ ਹਨ।

ਮਾਣੂੰਕੇ ਨੇ ਕਿਹਾ ਕਿ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲੇ ਵਿਚ ਆਸ਼ੂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ  ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਭ੍ਰਿਸ਼ਟਾਚਾਰ ਪ੍ਰਤੀ ਸਖ਼ਤ ਰੁਖ ਅਪਣਾਉਣ ਦਾ ਦਾਅਵਾ ਕਰਦੇ ਹਨ ਪਰ ਆਪਣੇ ਵਿਭਾਗ ਵਿਚ ਹੋ ਰਹੇ ਭ੍ਰਿਸ਼ਟਾਚਾਰ ਪ੍ਰਤੀ ਅੱਖਾਂ ਬੰਦ ਕਰ ਕੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਧੂ ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ 'ਤੇ ਸਖ਼ਤ ਐਕਸ਼ਨ ਲੈਣ।


author

rajwinder kaur

Content Editor

Related News