ਲਗਾਤਾਰ ਤੀਜੇ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਸਰਕਾਰੀ ਸਕੂਲਾਂ ਦੀ ਝੰਡੀ

Saturday, Jul 31, 2021 - 05:11 PM (IST)

ਲਗਾਤਾਰ ਤੀਜੇ ਸਾਲ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਸਰਕਾਰੀ ਸਕੂਲਾਂ ਦੀ ਝੰਡੀ

ਮੋਹਾਲੀ (ਨਿਆਮੀਆਂ) : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਨੇ ਲਗਾਤਾਰ ਤੀਜੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਨਿੱਜੀ ਸਕੂਲਾਂ ਨੂੰ ਪਛਾੜ ਦਿੱਤਾ ਹੈ, ਜਿਸ ਦਾ ਸਿਹਰਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਿਰ ਬੱਝਦਾ ਹੈ। ਮਾਰਚ 2021 ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਘੋਸ਼ਿਤ ਨਤੀਜੇ ਵਿਚ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਜਦਕਿ ਨਿੱਜੀ ਸਕੂਲਾਂ ਦਾ 93.3 ਫੀਸਦੀ ਦੇ ਕਰੀਬ ਰਿਹਾ। ਸਰਕਾਰੀ ਸਕੂਲਾਂ ਦੇ 166184 ਵਿਦਿਆਰਥੀਆਂ ਨੇ 12ਵੀਂ ਦੀ ਜਮਾਤ ਪਾਸ ਕੀਤੀ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਨਤੀਜੇ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਵਿਚ ਨਵਾਂ ਜੋਸ਼ ਭਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਜਮਾਤ ਦਾ ਸਰਕਾਰੀ ਸਕੂਲਾਂ ਦਾ ਨਤੀਜਾ 98.05 ਫੀਸਦੀ ਰਿਹਾ ਹੈ, ਜਦਕਿ 12ਵੀਂ ਜਮਾਤ ਦਾ ਸਮੁੱਚਾ ਨਤੀਜਾ 96.48 ਫੀਸਦੀ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਾਲਾਨਾ ਪ੍ਰੀਖਿਆਵਾਂ ਕੋਵਿਡ-19 ਦੇ ਕਾਰਨ ਬਹੁਤਾ ਸਮਾਂ ਵਿਦਿਆਰਥੀ ਸਕੂਲ ਨਹੀਂ ਆਏ, ਪਰ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਯਤਨਾਂ ਸਦਕਾ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਸਾਧਨਾਂ ਰਾਹੀਂ ਪੜ੍ਹਾਈ ਨਾਲ ਜੋੜੀ ਰੱਖਿਆ।

ਇਹ ਵੀ ਪੜ੍ਹੋ : 12ਵੀਂ ਦੇ ਨਤੀਜੇ ’ਚ ਕੁੜੀਆਂ ਨੇ ਮਾਰੀ ਬਾਜ਼ੀ, ਕੀਤਾ ਸਕੂਲ ਦਾ ਨਾਂ ਰੌਸ਼ਨ

ਜ਼ਿਲਾ ਰੂਪਨਗਰ ਪਾਸ ਦਰ ’ਚ ਅੱਵਲ
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ’ਚ ਜ਼ਿਲ੍ਹਾ ਰੂਪਨਗਰ ਪਾਸ ਦਰ ਵਿਚ ਪਹਿਲੇ ਨੰਬਰ ’ਤੇ ਰਿਹਾ ਹੈ। ਜ਼ਿਲ੍ਹਾ ਰੂਪਨਗਰ ਦੀ ਪਾਸ ਦਰ 99.57 ਫ਼ੀਸਦੀ ਰਹੀ ਹੈ। ਦੂਸਰਾ ਨੰਬਰ ਜ਼ਿਲ੍ਹਾ ਪਟਿਆਲਾ ਅਤੇ ਤੀਸਰਾ ਸ੍ਰੀ ਮੁਕਤਸਰ ਸਾਹਿਬ ਦਾ ਹੈ। ਜ਼ਿਲ੍ਹਾ ਮੋਹਾਲੀ ਚੌਥੇ ਨੰਬਰ ’ਤੇ ਆਇਆ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਦੀ ਪਾਸ ਦਰ ਕ੍ਰਮਵਾਰ 99.08, 99.06 ਅਤੇ 98.60 ਹੈ।

ਜ਼ਿਲ੍ਹਾ ਫ਼ਰੀਦਕੋਟ ਦੀ ਪਾਸ ਦਰ 98.46, ਮਾਨਸਾ ਦੀ 98.44, ਮੋਗਾ ਦੀ 98.28, ਪਠਾਨਕੋਟ ਦੀ 98.18, ਫਤਹਿਗੜ੍ਹ ਸਾਹਿਬ ਦੀ 98.16, ਸੰਗਰੂਰ ਦੀ 98.16, ਜਲੰਧਰ ਦੀ 98.14, ਲੁਧਿਆਣਾ ਦੀ 97.93, ਬਰਨਾਲਾ ਦੀ 97.62, ਕਪੂਰਥਲਾ ਦੀ 95.90, ਫਿਰੋਜ਼ਪੁਰ ਦੀ 95.62, ਬਠਿੰਡਾ ਦੀ 95.54, ਸ਼ਹੀਦ ਭਗਤ ਸਿੰਘ ਨਗਰ ਦੀ 95.50, ਤਰਨਤਾਰਨ ਦੀ 94.94, ਅੰਮ੍ਰਿਤਸਰ ਦੀ 94.46, ਹੁਸ਼ਿਆਰਪੁਰ ਦੀ 93.94 ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਪਾਸ ਦਰ 92.76 ਰਹੀ ਹੈ। ਸਭ ਤੋਂ ਘੱਟ ਪਾਸ ਦਰ ਜ਼ਿਲ੍ਹਾ ਫ਼ਾਜ਼ਿਲਕਾ ਦੀ ਹੈ, ਜੋ ਕਿ 91.06 ਹੈ।

ਇਹ ਵੀ ਪੜ੍ਹੋ : 12ਵੀਂ ਕਲਾਸ ਦੇ ਨਤੀਜਿਆਂ ’ਚ ਸਿੱਖਿਆ ਬੋਰਡ ਨੇ ਇਸ ਬਾਰ ਬਣਾਏ 7 ਗਰੇਡ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News