ਅਹਿਮ ਖ਼ਬਰ : ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣਗੇ ਡਾਕਟਰ, ਇੰਜੀਨੀਅਰ ਤੇ IAS
Wednesday, Jun 29, 2022 - 12:47 PM (IST)
ਚੰਡੀਗੜ੍ਹ (ਆਸ਼ੀਸ਼) : ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਵਾਲੰਟੀਅਰ ਅਧਿਆਪਕਾਂ ਵੱਜੋਂ ਸ਼ਹਿਰ ਦੇ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ 40 ਤੋਂ 45 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ 'ਚ ਸਾਬਕਾ ਸਿੱਖਿਆ ਡਾਇਰੈਕਟਰ, ਆਰਕੀਟੈਕਟ, ਆਰਮੀ ਅਫ਼ਸਰ, ਡਾਕਟਰ, ਸੇਵਾਮੁਕਤ ਕਮਾਂਡੈਂਟ, ਪ੍ਰੋਫੈਸਰ, ਸੀ. ਏ., ਮੈਨੇਜਰ, ਐਡਵੋਕੇਟ ਤੋਂ ਇਲਾਵਾ ਸ਼ਹਿਰ ਦੇ ਆਗੂਆਂ ਨੇ ਵੀ ਪੜ੍ਹਾਉਣ ਲਈ ਦਿਲਚਸਪੀ ਦਿਖਾਈ ਹੈ। ਇਹ ਅਧਿਆਪਕ ਵਿਸ਼ਾ ਮਾਹਿਰਾਂ ਵੱਜੋਂ ਬੱਚਿਆਂ ਨੂੰ ਪੜ੍ਹਾਉਣਗੇ ਅਤੇ ਆਪਣੇ ਖੇਤਰ 'ਚ ਆਪਣੇ ਤਜ਼ਰਬੇ ਸਾਂਝੇ ਕਰਨਗੇ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਉਨ੍ਹਾਂ ਨੂੰ ਸਕੂਲ 'ਚ ਪੜ੍ਹਾਉਣ ਦਾ ਮੌਕਾ ਦਿੱਤਾ ਜਾਵੇਗਾ। ਨਵੰਬਰ-2021 'ਚ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਵਿੱਦਿਆਂਜਲੀ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ 5 ਦਿਨ ਸ਼ਹਿਰ 'ਚ ਪ੍ਰੀ-ਮਾਨਸੂਨ ਦੀਆਂ ਫੁਹਾਰਾਂ
ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਵੱਖ-ਵੱਖ ਖੇਤਰਾਂ 'ਚ ਸਮਝ ਵਧੇਗੀ ਅਤੇ ਉਹ ਵਧੀਆ ਭਵਿੱਖ ਚੁਣ ਸਕਣਗੇ। ਚੰਡੀਗੜ੍ਹ ਸਿੱਖਿਆ ਵਿਭਾਗ ਕੋਰੋਨਾ ਮਹਾਮਾਰੀ ਤੋਂ ਬਾਅਦ ਸ਼ੁਰੂ ਹੋਏ ਸਕੂਲਾਂ 'ਚ ਸਰੀਰਕ ਸਿੱਖਿਆ ਦੇ ਮੱਦੇਨਜ਼ਰ ਦੂਜੀ ਵਾਰ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਮੁਹਿੰਮ 2016 'ਚ ਵੀ ਸ਼ੁਰੂ ਕੀਤੀ ਗਈ ਸੀ, ਜਿਸ 'ਚ ਵੱਖ-ਵੱਖ ਖੇਤਰਾਂ ਦੇ 79 ਵਿਅਕਤੀਆਂ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਇਆ ਸੀ। ਡਾਇਰੈਕਟਰ ਸਕੂਲ ਹਰਸੁਹਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲ ਆਪਣੇ ਕਰੀਅਰ ਅਤੇ ਜ਼ਿੰਦਗੀ ਦੇ ਵਧੀਆ ਪਲ ਸਾਂਝੇ ਕਰਨ ਲਈ ਸੇਵਾਮੁਕਤ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਵੱਖ-ਵੱਖ ਖੇਤਰਾਂ 'ਚ ਗਿਆਨ ਪ੍ਰਾਪਤ ਕਰਨ ਦੇ ਨਾਲ-ਨਾਲ ਬਿਹਤਰ ਤਜ਼ਰਬਾ ਅਤੇ ਪ੍ਰੇਰਣਾ ਦਿੱਤੀ ਜਾ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, ਪੰਜਾਬ ਪੁਲਸ ਵੱਲੋਂ ਅਲਰਟ ਜਾਰੀ
ਹਫ਼ਤੇ ’ਚ ਇਕ ਘੰਟੇ ਦੀ ਹੋਵੇਗੀ ਕਲਾਸ
ਵਿੱਦਿਆਂਜਲੀ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਦੇ ਸੇਵਾਮੁਕਤ ਅਤੇ ਮੌਜੂਦਾ ਕਾਰਜਕਾਰੀ ਅਧਿਕਾਰੀ ਅਤੇ ਕਰਮਚਾਰੀ ਹਫ਼ਤੇ 'ਚ ਇਕ ਵਾਰ ਸਕੂਲ ਜਾਣਗੇ ਅਤੇ ਬੱਚਿਆਂ ਨਾਲ ਇਕ ਘੰਟਾ ਰੂ-ਬ-ਰੂ ਹੋਣਗੇ। ਬੱਚੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਵਿਭਾਗ ਨਾਲ ਜੁੜੀ ਕਾਰਜਪ੍ਰਣਾਲੀ ਤੋਂ ਉਨ੍ਹਾਂ 'ਚ ਦਾਖ਼ਲਾ ਲੈਣ ਤੱਕ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਸਿੱਖਿਆ ਵਿਭਾਗ ਦੀ ਯੋਜਨਾ ਅਨੁਸਾਰ ਸੇਵਾਮੁਕਤ ਪ੍ਰਸ਼ਾਸਨਿਕ ਅਧਿਕਾਰੀ, ਡਾਕਟਰ, ਜੱਜ, ਵਕੀਲ, ਪੱਤਰਕਾਰ, ਇੰਜੀਨੀਅਰ ਅਤੇ ਰੱਖਿਆ ਖੇਤਰ ਨਾਲ ਸਬੰਧਿਤ ਅਧਿਕਾਰੀ ਵੀ ਇਸ 'ਚ ਸ਼ਾਮਲ ਹੋ ਸਕਦੇ ਹਨ। ਇਹ ਕਲਾਸ ਬੱਚਿਆਂ ਲਈ ਸਵੈ-ਇੱਛਤ ਆਧਾਰ ’ਤੇ ਕਰਵਾਈ ਜਾਵੇਗੀ। ਇਸ ਲਈ ਕੋਈ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ GST ਕੌਂਸਲ ਦੀ 47ਵੀਂ ਬੈਠਕ, ਕਈ ਮੁੱਦਿਆਂ 'ਤੇ ਹੋਇਆ ਮੰਥਨ
ਪਹਿਲਾਂ ਇਹ ਪਤਵੰਤੇ ਲੈ ਚੁੱਕੇ ਹਨ ਹਿੱਸਾ
2016 ਦੌਰਾਨ ਸ਼ੁਰੂ ਕੀਤੀ ਵਿੱਦਿਆਂਜਲੀ ਨਾਂ ਦੀ ਮੁਹਿੰਮ ਤਹਿਤ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਸੇਵਾਮੁਕਤ ਡਾਇਰੈਕਟਰ ਐੱਸ. ਕੇ. ਸੇਤੀਆ, ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਸਾਬਕਾ ਐੱਸ. ਐੱਸ. ਪੀ. ਚੰਡੀਗੜ੍ਹ ਨੌਨਿਹਾਲ ਸਿੰਘ, ਆਈ. ਏ. ਐੱਸ. ਜਤਿੰਦਰ ਯਾਦਵ ਸਮੇਤ ਪੀ. ਜੀ. ਆਈ. ਤੋਂ ਬਾਲ ਰੋਗ ਮਾਹਿਰ ਡਾ. ਭਵਨੀਤ ਭਾਰਤੀ ਅਤੇ ਵੱਖ-ਵੱਖ ਪੱਤਰਕਾਰਾਂ ਨੇ ਸ਼ਿੱਰਕਤ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ