ਸਰਕਾਰੀ ਸਕੂਲਾਂ ''ਚ ਦਾਖ਼ਲਿਆਂ ਦੀ ਮੁਹਿੰਮ ਚਲਾਉਣ ਹਿੱਤ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ

03/04/2021 2:47:12 PM

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਨੇ ਸਾਲ 2021-22 ਦੇ ਸੈਸ਼ਨ ਲਈ ਦਾਖ਼ਲਿਆਂ ਵਾਸਤੇ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ ਕਰ ਦਿੱਤਾ ਹੈ ਤਾਂ ਜੋ ਦਾਖ਼ਲਿਆਂ ਦੀ ਇਸ ਮੁਹਿੰਮ ਨੂੰ ਸਫ਼ਲਤਾ ਪੂਰਨ ਚਲਾਇਆ ਜਾ ਸਕੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਸੈਸ਼ਨ 2020-21 ਦੌਰਾਨ ਆਰੰਭੀ ‘ਈਚ ਵਨ, ਬਰਿੰਗ ਵਨ’ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਸੀ ਅਤੇ ਇਸ ਦੇ ਨਤੀਜੇ ਵਜੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦਾਖ਼ਲਿਆਂ 'ਚ 15 ਫ਼ੀਸਦੀ ਦਾ ਰਿਕਾਰਡ ਵਾਧਾ ਹੋਇਆ ਸੀ।

ਇਸ ਕਰਕੇ ਮਹਿਕਮੇ ਨੇ ਇਸ ਵਾਰ ਵੀ ਦਾਖ਼ਲਿਆਂ ਵਾਸਤੇ ਸਫ਼ਲ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਬੁਲਾਰੇ ਅਨੁਸਾਰ ਸੂਬਾ ਪੱਧਰੀ ਕਮੇਟੀ ਵਿੱਚ ਸਤਿੰਦਰਬੀਰ ਸਿੰਘ ਡੀ. ਈ. ਓ (ਸੈ. ਸਿ) ਅੰਮ੍ਰਿਤਸਰ ਨੂੰ ਸੂਬਾ ਕੋਆਰਡੀਨੇਟਰ, ਸੁਖਵਿੰਦਰ ਸਿੰਘ ਡਿਪਟੀ ਡੀ. ਈ. ਓ (ਐ. ਸਿ) ਫਿਰੋਜ਼ਪੁਰ ਨੂੰ ਉਪ ਸੂਬਾ ਕੋਆਰਡੀਨੇਟਰ, ਕਮਲਜੀਤ ਕੌਰ ਪ੍ਰਿੰਸੀਪਲ ਸਸਸਸ ਮਾਜਰੀ, ਫਤਹਿਗੜ੍ਹ ਸਾਹਿਬ ਨੂੰ ਮੈਂਬਰ, ਮਨੋਜ ਕੁਮਾਰ ਜੋਈਆ ਬੀ. ਪੀ. ਈ. ਓ. ਬਲਾਕ ਭੂਨਰਹੇੜੀ ਪਟਿਆਲਾ ਨੂੰ ਮੈਂਬਰ ਅਤੇ ਪ੍ਰਮੋਦ ਭਾਰਤੀ ਲੈਕਚਰਾਰ ਸਸਸਸ ਦੌਲਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਸੂਬਾ ਮੀਡੀਆ ਕੋ-ਆਰਡੀਨੇਟਰ ਨਿਯੁਕਤ ਗਿਆ ਹੈ।

ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰੀ, ਬਲਾਕ ਪੱਧਰੀ ਅਤੇ ਸੈਂਟਰ ਪੱਧਰ ਦੀਆਂ ਪ੍ਰਾਇਮਰੀ ਅਤੇ ਸੈਕੰਡਰੀ ਵਿੰਗ ਦੀਆਂ ਕਮੇਟੀਆਂ ਦਾ ਵੀ ਗਾਠਨ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਇਨ੍ਹਾਂ ਕਮੇਟੀਆਂ ਨੂੰ ਸਰਕਾਰ ਸਕੂਲਾਂ 'ਚ ਦਾਖ਼ਲੇ ਵਧਾਉਣ ਲਈ ਤੁਰੰਤ ਸਰਗਰਮੀਆਂ ਸ਼ੁਰੂ ਕਰਨ ਲਈ ਆਖਿਆ ਗਿਆ ਹੈ। ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਦੇ ਹੋਏ ਪੋਸਟਰ, ਵੀਡੀਓਜ਼, ਸ਼ਾਰਟ ਫਿਲਮਾਂ ਤਿਆਰ ਕਰਵਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ, ਬਜ਼ਾਰਾਂ ਅਤੇ ਸੜਕਾਂ ’ਤੇ ਫਲੈਕਸ ਲਾਉਣ ਅਤੇ ਪੰਚਾਂ-ਸਰਪੰਚਾਂ, ਕੌਂਸਲਰਾਂ ਅਤੇ ਹੋਰ ਪਤਵੰਤਿਆਂ ਨਾਲ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਹੈ। ਅਧਿਆਪਕਾਂ ਨੂੰ ਘਰੋ-ਘਰੀ ਜਾ ਕੇ ਲੋਕਾਂ ਨੂੰ ਆਪਣੇ ਬੱਚੇ ਸਰਕਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਨ ਵਾਸਤੇ ਵੀ ਨਿਰਦੇਸ਼ ਦਿੱਤੇ ਗਏ ਹਨ। 


Babita

Content Editor

Related News