ਸਰਕਾਰੀ ਸਕੂਲਾਂ ਨੂੰ ਬਿਜਲੀ ਬਿੱਲਾਂ ਤੋਂ ਮਿਲੇਗਾ ਛੁਟਕਾਰਾ
Saturday, Jun 22, 2019 - 02:33 PM (IST)

ਲੁਧਿਆਣਾ (ਹਿਤੇਸ਼) : ਮਹਾਂਨਗਰ ਦੇ ਸਰਕਾਰੀ ਸਕੂਲਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਬਿਜਲੀ ਬਿੱਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ, ਜਿਸ ਤਹਿਤ ਉੱਥੇ ਸੋਲਰ ਸਿਸਟਮ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਯੋਜਨਾ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਬੁਲਾਈ ਗਈ ਸਮਾਰਟ ਸਿਟੀ ਮਿਸ਼ਨ ਦੀ ਮੀਟਿੰਗ ਦੌਰਾਨ ਹਰੀ ਝੰਡੀ ਦੇ ਦਿੱਤੀ ਗਈ ਹੈ, ਜਿੱਥੇ ਪ੍ਰਾਜੈਕਟ ਨੂੰ ਰੀਵਿਊ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਗਰ ਨਿਗਮ ਦੀਆਂ 18 ਇਮਾਰਤਾਂ 'ਤੇ ਸੋਲਰ ਸਿਸਟਮ ਲਾਉਣ ਤੋਂ ਬਾਅਦ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ।
ਜਿੱਥੋਂ ਤੱਕ ਬਾਕੀ ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਨੂੰ ਕਵਰ ਕਰਨ ਸਬੰਧੀ ਬਣਾਏ ਗਏ ਪ੍ਰਸਤਾਵ ਦਾ ਸਵਾਲ ਹੈ, ਉਸ ਨੂੰ ਲੈ ਕੇ ਅਫਸਰਾਂ ਨੇ ਕਈ ਵਿਭਾਗਾਂ ਵਲੋਂ ਆਪਣੇ ਤੌਰ 'ਤੇ ਸੋਲਰ ਸਿਸਟਮ ਲਾਉਣ ਅਤੇ ਕਈ ਵਿਭਾਗਾਂ ਵਲੋਂ ਸਹਿਯੋਗ ਨਾ ਦੇਣ ਦੀ ਗੱਲ ਕਹੀ, ਜਿਸ 'ਤੇ ਆਸ਼ੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਇਸ ਯੋਜਨਾ ਦਾ ਹਿੱਸਾ ਬਣਾਇਆ ਜਾਵੇ ਤਾਂ ਕਿ ਸੋਲਰ ਸਿਸਟਮ ਲਾ ਕੇ ਬਿਜਲੀ ਪੈਦਾ ਕਰਨ ਨਾਲ ਇਨ੍ਹਾਂ ਸਕੂਲਾਂ ਨੂੰ ਬਿੱਲ ਦੇਣ ਦੇ ਝੰਜਟ ਤੋਂ ਛੁਟਕਾਰਾ ਮਿਲ ਸਕੇ। ਇਸ ਦੇ ਤਹਿਤ ਪਹਿਲੇ ਪੜਾਅ 'ਚ 16 ਸਕੂਲਾਂ ਲਈ ਯੋਜਨਾ ਜਲਦ ਤਿਆਰ ਕਰ ਕੇ ਲਾਗੂ ਕਰਨ ਲਈ ਕਿਹਾ ਗਿਆ ਹੈ।