ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ 2 ਅਤੇ 3 ਨਵੰਬਰ ਨੂੰ

Friday, Oct 30, 2020 - 01:53 PM (IST)

ਸਰਕਾਰੀ ਸਕੂਲਾਂ ਦੀ ਮਾਪੇ-ਅਧਿਆਪਕ ਮਿਲਣੀ 2 ਅਤੇ 3 ਨਵੰਬਰ ਨੂੰ

ਲੁਧਿਆਣਾ (ਵਿੱਕੀ) : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ 'ਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ 2 ਅਤੇ 3 ਨਵੰਬਰ ਨੂੰ ਪੰਜਾਬ ਦੇ ਲਗਭਗ 19 ਹਜ਼ਾਰ ਸਰਕਾਰੀ ਪ੍ਰਾਇਮਰੀ, ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਦੇ 27.10 ਲੱਖ ਬੱਚਿਆਂ ਦੇ ਮਾਪਿਆਂ ਨਾਲ ਮਾਪੇ-ਅਧਿਆਪਕ ਮਿਲਣੀ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ। ਸਿੱਖਿਆ ਮਹਿਕਮੇ ਵੱਲੋਂ 11 ਨਵੰਬਰ ਤੋਂ ਪੰਜਾਬ ਪ੍ਰਾਪਤੀ ਸਰਵੇਖਣ ਸ਼ੁਰੂ ਹੋ ਰਿਹਾ ਹੈ। ਸਰਕਾਰੀ ਸਕੂਲਾਂ 'ਚ ਪੜ੍ਹਦੇ ਮਾਪਿਆਂ ਨੂੰ ਇਸ ਸਰਵੇਖਣ 'ਚ ਬੱਚਿਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਉਤਸਾਹਿਤ ਕਰਨਾ ਇਸ ਦੋ ਰੋਜ਼ਾ ਮਾਪੇ-ਅਧਿਆਪਕ ਮਿਲਣੀ ਦਾ ਮਕਸਦ ਹੋਵੇਗਾ। ਇਸ ਦੇ ਨਾਲ ਹੀ ਮਹਿਕਮੇ ਵੱਲੋਂ ਆਨਲਾਈਨ ਭੇਜੀ ਗਈ ਸਹਾਇਕ ਸਮੱਗਰੀ ਦੀ ਵਰਤੋਂ ਕਰ ਕੇ ਵਿਦਿਆਰਥੀ ਵਧੀਆ ਤਿਆਰੀ ਕਰ ਸਕਣ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਪੱਖਾਂ ਬਾਰੇ ਵੀ ਮਾਪਿਆਂ ਨੂੰ ਉਤਸਾਹਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਓ. ਐੱਲ. ਐੱਕਸ. ਜ਼ਰੀਏ 6 ਲੋਕਾਂ ਨਾਲ ਹੋਈ ਆਨਲਾਈਨ ਠੱਗੀ, ਇੰਝ ਹੋਇਆ ਖ਼ੁਲਾਸਾ

ਉਨ੍ਹਾਂ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਹ ਮੌਕਾ ਹੈ ਕਿ ਸਮੂਹ ਅਧਿਆਪਕ ਅਤੇ ਸਕੂਲ ਮੁਖੀ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਪੜ੍ਹਦੇ ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ, ਪੰਚਾਇਤ ਮੈਂਬਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਇਨ੍ਹਾਂ ਨੂੰ ਉਤਸਾਹਿਤ ਅਤੇ ਜਾਗਰੂਕ ਕਰ ਕੇ ਪੰਜਾਬ ਪ੍ਰਾਪਤੀ ਸਰਵੇਖਣ 'ਚ ਵੱਧ ਤੋਂ ਵੱਧ ਬੱਚਿਆਂ ਦੀ ਭਾਗੀਦਾਰੀ ਕਰਵਾਈ ਜਾ ਸਕਦੀ ਹੈ। ਇਸ ਲਈ ਪਿੰਡਾਂ ਅਤੇ ਸ਼ਹਿਰਾਂ 'ਚ ਜਨਤਕ ਸਥਾਨਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ, ਮੁਨਿਆਦੀ ਕਰਵਾ ਕੇ, ਸੋਸ਼ਲ਼ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਵਟਸਐੱਪ, ਟਵਿੱਟਰ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ, ਪੋਸਟਰ, ਆਡੀਓ-ਵੀਡੀਓ ਸੁਨੇਹੇ ਵਾਇਰਲ ਕਰ ਕੇ ਅਧਿਆਪਕ, ਸਕੂਲ ਮੁਖੀ, 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਟੀਮਾਂ ਬੱਚਿਆਂ, ਮਾਪਿਆਂ ਅਤੇ ਹੋਰ ਕਮਿਊਨਿਟੀ ਮੈਂਬਰਾਂ ਨੂੰ ਮਾਪੇ-ਅਧਿਆਪਕ ਮਿਲਣੀ ਦੀ ਅਗਾਊਂ ਜਾਣਕਾਰੀ ਦੇਣ ਲਈ ਸੁਹਿਰਦ ਉਪਰਾਲੇ ਕਰਨ ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀਆਂ ਸਮੇਂ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਸਬੰਧੀ ਨਿਰਦੇਸ਼ਕ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੱਸਿਆ ਕਿ ਸਿੱਖਿਆ ਮਹਿਕਮੇ ਦੇ ਸਮੂਹ ਸਿੱਖਿਆ ਅਧਿਕਾਰੀ, ਜ਼ਿਲ੍ਹਾ ਨੋਡਲ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ ਅਤੇ ਸਕੂਲ ਮੁਖੀ ਆਪਣੇ ਅਧੀਨ ਪੈਂਦੇ ਸਕੂਲਾਂ ਦੇ ਅਧਿਆਪਕਾਂ ਨਾਲ ਮਾਪੇ-ਅਧਿਆਪਕ ਮਿਲਣੀ ਤੋਂ ਪਹਿਲਾਂ ਮੀਟਿੰਗਾਂ ਕਰਕੇ ਅਧਿਆਪਕਾਂ ਨੂੰ ਪ੍ਰੇਰਿਤ ਕਰਨਗੇ ਅਤੇ ਨਿਸ਼ਚਿਤ ਮਿਤੀ ਅਨੁਸਾਰ ਮਾਪੇ-ਅਧਿਆਪਕ ਮਿਲਣੀਆਂ 'ਚ ਰੈਂਡਮ ਪੱਧਰ 'ਤੇ ਹਿੱਸਾ ਵੀ ਲੈਣਗੇ।

ਇਹ ਵੀ ਪੜ੍ਹੋ : ਮੋਗਾ: ਬਿਜਲੀ ਘਰ 'ਚ 25 ਫੁੱਟ ਉੱਪਰ ਲਟਕਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼


author

Anuradha

Content Editor

Related News