ਸਰਕਾਰ ਨੇ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇ 10.17 ਕਰੋੜ ਰੁਪਏ ਕੀਤੇ ਜਾਰੀ

Tuesday, Apr 04, 2023 - 02:57 AM (IST)

ਸਰਕਾਰ ਨੇ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇ 10.17 ਕਰੋੜ ਰੁਪਏ ਕੀਤੇ ਜਾਰੀ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਬੁਝੇ ਹੋਏ ਚੁੱਲ੍ਹਿਆਂ ’ਚ ਮੁੜ ਅੱਗ ਬਾਲ ਦਿੱਤੀ ਹੈ ਅਤੇ ਰੋਂਦੇ ਹੋਏ ਚਿਹਰਿਆਂ ’ਤੇ ਮੁੜ ਹਾਸੇ ਲਿਆਂਦੇ ਹਨ। ਦੱਸ ਦੇਈਏ ਕਿ ਫਾਜ਼ਿਲਕਾ ਦੀ ਸ਼ੂਗਰ ਮਿੱਲ ਅੰਦਰ ਕੰਮ ਕਰਦੇ ਕਰਮਚਾਰੀਆਂ ਨੂੰ ਪਿਛਲੇ 3 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਤਨਖਾਹ ਨਹੀਂ ਦਿੱਤੀ ਅਤੇ ਇਸ ਸ਼ੂਗਰ ਮਿੱਲ ਨੂੰ ਬੰਦ ਕਰਨ ਲਈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ ਪਰ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹ ਸ਼ੂਗਰ ਮਿੱਲ ਮੁੜ ਤੋਂ ਸੁਚਾਰੂ ਢੰਗ ਨਾਲ ਚੱਲਣ ਲੱਗ ਪਈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੀ ਸਹਿਕਾਰੀ ਖੰਡ ਮਿੱਲ ਦੇ ਕਰਮਚਾਰੀਆਂ ਦੀਆਂ ਲੱਗਭਗ ਤਿੰਨ ਸਾਲਾਂ ਤੋਂ ਰੁਕੀਆਂ ਤਨਖਾਹਾਂ ਦੇ 10.17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ

ਮਿੱਲ ਵਿਖੇ ਅੱਜ ਹੋਏ ਇਕ ਸਮਾਗਮ ਦੌਰਾਨ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ, ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਸ਼ੂਗਰਫੈੱਡ ਦੇ ਐੱਮ.ਡੀ. ਅਰਵਿੰਦ ਪਾਲ ਸਿੰਘ ਸੰਧੂ ਨੇ ਲਾਭਪਾਤਰੀਆਂ ਨੂੰ ਬਕਾਇਆ ਤਨਖਾਹ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਬੋਲਦਿਆਂ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਗੰਨਾ ਮਿੱਲ ਬੰਦ ਨਹੀਂ ਕੀਤੀ ਜਾਵੇਗੀ ਅਤੇ ਕਿਸਾਨ ਵੱਧ ਤੋਂ ਵੱਧ ਗੰਨਾ ਉਗਾਉਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਨੂੰ ਗੰਨੇ ਦੀ ਸਭ ਤੋਂ ਉਚੀ ਕੀਮਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਰਮਚਾਰੀਆਂ ਦੇ ਬਕਾਏ ਜਾਰੀ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਏਗੀ ਨਵੀਂ ਖੇਡ ਨੀਤੀ, ਲੋਕ ਦੇਣ ਸੁਝਾਅ : ਮੀਤ ਹੇਅਰ

ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮਿੱਲ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਭਾਰੀ ਮੁਸ਼ਕਿਲਾਂ ਦੇ ਬਾਵਜੂਦ ਮਿੱਲ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਇਸ ਮਿੱਲ ਨੂੰ ਬੰਦ ਕਰਨਾ ਚਾਹੁੰਦੀਆਂ ਸਨ ਪਰ ਹੁਣ ਇਹ ਸਰਕਾਰ ਇਸ ਮਿੱਲ ਨੂੰ ਲਗਾਤਾਰ ਚਲਾਏਗੀ ਅਤੇ ਕਿਸਾਨਾਂ ਨੂੰ ਵੀ ਅਦਾਇਗੀਆਂ ਸਮੇਂ ਸਿਰ ਹੋਣਗੀਆਂ। ਇਸ ਤੋਂ ਪਹਿਲਾਂ ਬੋਲਦਿਆਂ ਸ਼ੂਗਰਫੈੱਡ ਦੇ ਐੱਮ.ਡੀ. ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਹਿਲੀ ਵਾਰ ਹੋਇਆ ਹੈ ਕਿ ਰਾਜ ਦੀਆਂ ਸਾਰੀਆਂ 9 ਖੰਡ ਮਿੱਲਾਂ ਵਿਚ ਕਿਸਾਨਾਂ ਨੂੰ ਬਣਦੀ ਫਸਲ ਦੀ ਕੁੱਲ ਰਕਮ ਦੀ 70 ਫੀਸਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਮਿੱਲਾਂ ਨੂੰ ਇਸ ਵਾਰ ਸਰਕਾਰ ਵੱਲੋਂ ਲੋਨ ਦੇਣ ਦੀ ਬਜਾਏ 126 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਗੰਨੇ ਤੋਂ ਖੰਡ ਦੀ ਰਿਕਵਰੀ 9 ਫੀਸਦੀ ਦੇ ਲੱਗਭਗ ਹੁੰਦੀ ਸੀ ਪਰ ਇਸ ਸਾਲ ਇਹ 9.38 ਫੀਸਦੀ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਗੰਨੇ ਹੇਠ ਰਕਬਾ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੰਨਾਂ ਇਕ ਬਿਹਤਰ ਫਸਲ ਹੈ। ਇਸ ਮੌਕੇ ਸਥਾਨਕ ਮਿੱਲ ਦੇ ਚੇਅਰਮੈਨ ਅਸ਼ਵਨੀ ਸਿਹਾਗ, ਕੈਲਾਸ਼ ਰਾਣੀ, ਮਿੱਲ ਦੇ ਜਨਰਲ ਮੈਨੇਜਰ ਏ.ਕੇ. ਤਿਵਾੜੀ ਸਮੇਤ ਇਲਾਕੇ ਦੇ ਗੰਨਾ ਉਤਪਾਦਕ, ਮਿੱਲ ਕਰਮਚਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।


author

Manoj

Content Editor

Related News