ਐੱਸ. ਡੀ. ਐੱਮ. ਭੁਲੱਥ ਵਲੋਂ ਸਰਕਾਰੀ ਦਫਤਰਾਂ ਦੀ ਚੈਕਿੰਗ
Friday, Aug 24, 2018 - 06:06 AM (IST)

ਭੁਲੱਥ, (ਰਜਿੰਦਰ, ਭੂਪੇਸ਼)- ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਵਲੋਂ ਅੱਜ ਸਵੇਰੇ ਨਡਾਲਾ ਵਿਖੇ ਬੀ. ਡੀ. ਪੀ. ਓ. ਦਫਤਰ , ਸੀ. ਡੀ. ਪੀ. ਓ. ਦਫਤਰ ਤੇ ਨਗਰ ਪੰਚਾਇਤ ਦਫਤਰ ਨਡਾਲਾ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ 15 ਅਧਿਕਾਰੀ ਤੇ ਮੁਲਾਜ਼ਮ ਗੈਰ-ਹਾਜ਼ਰ ਤੇ ਲੇਟ ਪਾਏ ਗਏ।
ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਗੈਰ-ਹਾਜ਼ਰ ਤੇ ਲੇਟ ਹੋਏ ਮੁਲਾਜ਼ਮਾਂ ਵਿਚ ਸੀ. ਡੀ. ਪੀ. ਓ. ਦਫਤਰ ਨਡਾਲਾ ਵਿਚ ਸੀ. ਡੀ. ਪੀ. ਓ. ਨਡਾਲਾ, ਉਥੋਂ ਦੇ ਸਾਰੇ ਸੁਪਰਵਾਈਜ਼ਰ, ਬੀ. ਡੀ. ਪੀ. ਓ. ਦਫਤਰ ਦਾ ਸੁਪਰਡੈਂਟ ਤੇ ਕੁਝ ਕਲੈਰੀਕਲ ਸਟਾਫ ਤੇ ਹੈਲਪਰ ਸ਼ਾਮਲ ਹਨ। ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਤੇ 24 ਅਗਸਤ ਸਵੇਰੇ 10 ਵਜੇ ਤਕ ਆਪਣਾ ਸਪਸ਼ਟੀਕਰਨ ਦੇਣ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਕੋਈ ਸਪੱਸ਼ਟ ਜਵਾਬ ਨਾ ਮਿਲਿਆ ਤਾਂ ਕਾਰਵਾਈ ਹੋਵੇਗੀ। ਐੱਸ. ਡੀ. ਐੱਮ. ਭੁਲੱਥ ਨੇ ਹੋਰ ਦੱਸਿਆ ਕਿ ਇਸ ਤੋਂ ਬਾਅਦ ਸੇਵਾ ਕੇਂਦਰ ਭੁਲੱਥ ਦੀ ਚੈਕਿੰਗ ਕੀਤੀ ਗਈ। ਜਿਥੇ ਅਨੇਕਾਂ ਤਰ੍ਹਾਂ ਦੀਆਂ ਕਮੀਆਂ ਦੇਖਣ ਨੂੰ ਮਿਲੀਆਂ ਹਨ। ਜਿਸ ਲਈ ਸੇਵਾ ਕੇਂਦਰ ਦੇ ਜ਼ਿਲਾ ਮੈਨੇਜਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ 24 ਘੰਟੇ ਅੰਦਰ ਐੱਸ. ਡੀ. ਐੱਮ. ਦਫਤਰ ਭੁਲੱਥ ਵਿਖੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਚੈਕਿੰਗ ਭਵਿੱਖ ਵਿਚ ਇਸੇ ਤਰ੍ਹਾਂ ਚਲਦੀ ਰਹੇਗੀ। ਜਿਸ ਲਈ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਡਿਊਟੀ ’ਤੇ ਆਉਣ। ਉਨ੍ਹਾਂ ਹੋਰ ਕਿਹਾ ਕਿ ਇਲਾਕੇ ਦੇ ਕਿਸੇ ਨਾਗਰਿਕ ਕਿਸੇ ਸਰਕਾਰੀ ਦਫਤਰ ਵਿਚ ਕੋਈ ਸਮੱਸਿਆ ਹੋਵੇ ਤਾਂ ਉਹ ਮੈਨੂੰ ਦਫਤਰ ਵਿਖੇ ਮਿਲ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ।