ਇਸ ਤਰ੍ਹਾਂ ਵੀ ਹੁੰਦੈ ਸਰਕਾਰੀ ਦਫਤਰਾਂ ’ਚ
Sunday, Jul 29, 2018 - 02:04 AM (IST)
ਭਗਤਾ ਭਾਈ(ਢਿੱਲੋਂ)- ਭਾਵੇਂ ਅਸੀਂ ਆਮ ਹੀ ਵੇਖਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਆਮ ਆਦਮੀ ਨੂੰ ਟੁੱਕ ਦਾ ਡੇਲਾ ਸਮਝਦੇ ਹਨ ਤੇ ਕਿਸੇ ਨਾ ਕਿਸੇ ਕੰਮ ਵਿਚ ਆਮ ਹੀ ਗਲਤੀਆਂ ਕਰਦੇ ਰਹਿੰਦੇ ਹਨ ਪਰ ਇੱਥੇ ਤਾਂ ਕਮਾਲ ਹੀ ਕਰ ਦਿੱਤੀ ਹੈ ਸਰਕਾਰੀ ਕਰਮਚਾਰੀਆਂ ਨੇ। ਪਿੰਡ ਸਿਰੀਏ ਵਾਲਾ ਦੇ ਨੌਜਵਾਨ ਮਜ਼ਦੂਰ ਬਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਲਈ ਆਪਣਾ ਲਾਭ ਪਾਤਰੀ ਕਾਰਡ ਬਣਾਉਣ ਲਈ ਲੇਬਰ ਇੰਸਪੈਕਟਰ ਇੰਦਰਪ੍ਰੀਤ ਕੌਰ ਕੋਲ 495 ਰੁਪਏ ਦਾ ਡਰਾਫਟ ਕਰੀਬ 6 ਮਹੀਨੇ ਪਹਿਲਾਂ ਹੀ ਜਮ੍ਹਾ ਕਰਵਾ ਦਿੱਤਾ ਸੀ ਤੇ ਨਾਲ ਹੀ ਕਾਪੀ ਰੀਨਿਊ ਕਰਵਾਉਣ ਲਈ ਦੇ ਦਿੱਤੀ ਸੀ, ਜਦੋਂ ਰੀਨਿਊ ਹੋਈ ਕਾਪੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਮੋਬਾਇਲ ਨੰਬਰ ਬਹੁਤ ਮਿਲਾਇਆ, ਜੋ ਮਿਲਿਆ ਨਹੀਂ ਤੇ ਤੁਹਾਡੀ ਕਾਪੀ ਗੁੰਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਿਰ ਉਸਨੂੰ ਨਿਸਚਿਤ ਕੀਤੇ ਗਏ ਦਿਨ ਮੰਗਲਵਾਰ ਨੂੰ ਆਉਣ ਲਈ ਕਿਹਾ, ਜਦ ਮੈਂ ਮੰਗਲਵਾਰ ਗਿਆ ਤਾਂ ਮੈਡਮ ਦਫਤਰ ਵਿਖੇ ਹਾਜ਼ਰ ਨਹੀਂ ਮਿਲੇ। ਅਖੀਰ ਉਨ੍ਹਾਂ ਉਸਨੂੰ ਬਾਹਰੋਂ ਪ੍ਰਿੰਟ ਕਢਵਾਉਣ ਲਈ ਕਿਹਾ, ਜੋ ਉਸਨੇ ਪੈਸੇ ਲਾ ਕੇ ਕੱਢਵਾ ਲਿਆ। ਇਸ ਪ੍ਰਿੰਟ ਵਿਚ ਚਾਲੂ ਮਿਤੀ 6-8-18 ਤੋਂ 6-8-21 ਲਿਖੀ ਗਈ ਹੈ ਤੇ ਉਸਦੀ ਲਡ਼ਕੀ ਦਾ ਨਾਂ ਹਰਦੀਪ ਕੌਰ ਦੀ ਥਾਂ ਹਰਦੀਪ ਸਿੰਘ ਲਿਖਿਆ ਗਿਆ ਹੈ। ਹੋਰ ਤਾਂ ਹੋਰ ਉਸਦੇ ਕੋਲ ਅਾਧਾਰ ਕਾਰਡ ਨੰਬਰ 692324532587 ਤੇ ਵੋਟਰ ਕਾਰਡ ਵਿਚ ਵੋਟ ਨੰਬਰ 79, ਪੀ ਬੀ 11/113/ 066470 ਅਤੇ ਮਕਾਨ ਨੰਬਰ 464 ਹੈ ਜੋ ਕਿ ਉਸਦੇ ਕਾਰਡ ਵਿਚ ਸਭ ਕੁਝ ਨਹੀਂ ਦਰਸਾਇਆ ਗਿਆ ਹੈ। ਉਨ੍ਹਾ ਦੱਸਿਆ ਕਿ ਮੇਰੀ ਪਤਨੀ ਅਨਪਡ਼੍ਹ ਹੈ, ਜਿਸ ਨੂੰ 10 ਪਡ਼੍ਹੀ ਦਰਸਾਇਆ ਗਿਆ ਹੈ, ਜਦੋਂ ਕਿ ਮੈਂ 10ਵੀਂ ਪਾਸ ਹਾਂ ਤਾਂ ਮੇਰੀ ਵਿਦਿਅਕ ਯੋਗਤਾ 0 ਲਿਖੀ ਗਈ ਹੈ। ਇਸ ਸਬੰਧੀ ਜਾਣਨ ਲਈ ਜਦ ਇੰਸਪੈਕਟਰ ਇੰਦਰਪ੍ਰੀਤ ਕੌਰ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਬਾਇਲ ਫੋਨ ਬੰਦ ਹੀ ਆਉਂਦਾ ਰਿਹਾ।
