ਚੰਡੀਗੜ੍ਹ ''ਚ ਇਕ ਅਜਿਹਾ ਸਰਕਾਰੀ ਦਫਤਰ ਜਿਥੇ ਕੁਰਸੀ ਇਕ ਤੇ ਅਫਸਰ ਤਿੰਨ
Friday, Dec 22, 2017 - 02:38 AM (IST)
ਚੰਡੀਗੜ੍ਹ- ਯੂ. ਟੀ. ਸਕੱਤਰੇਤ ਵਿਚ ਜਗ੍ਹਾ ਦੀ ਘਾਟ ਕਾਰਨ ਅਫ਼ਸਰਾਂ ਦੇ ਬੈਠਣ ਲਈ ਕਮਰੇ ਵੀ ਨਹੀਂ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦਾ ਕੰਮ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਤਿੰਨ-ਤਿੰਨ ਅਫ਼ਸਰਾਂ ਨੂੰ ਇਕ ਛੋਟੇ ਜਿਹੇ ਕਮਰੇ ਵਿੱਚ ਬੈਠਣਾ ਪੈ ਰਿਹਾ ਹੈ। ਹਾਲਾਤ ਇਹ ਬਣ ਗਏ ਹਨ ਕਿ ਜਿਹੜਾ ਅਫ਼ਸਰ ਪਹਿਲਾਂ ਪਹੁੰਚਦਾ ਹੈ, ਉਸ ਨੂੰ ਤਾਂ ਕੰਮਕਾਜ ਵਾਸਤੇ ਮੇਜ਼-ਕੁਰਸੀ ਮਿਲ ਜਾਂਦੀ ਹੈ, ਜਦੋਂਕਿ ਦੂਜੇ ਅਫ਼ਸਰ ਨੂੰ ਸੋਫਿਆਂ 'ਤੇ ਬੈਠਣਾ ਪੈਂਦਾ ਹੈ ਜਾਂ ਫਿਰ ਉਸ ਵਾਸਤੇ ਵੱਖਰੀ ਕੁਰਸੀ ਲਗਾਈ ਜਾਂਦੀ ਹੈ। ਤੀਜੇ ਅਫ਼ਸਰ ਦੇ ਦਫ਼ਤਰ 'ਚ ਪਹੁੰਚਣ 'ਤੇ ਉਸ ਦੇ ਬੈਠਣ ਵਾਸਤੇ ਜਗ੍ਹਾ ਹੀ ਨਹੀਂ ਬੱਚਦੀ ਹੈ। ਇਨ੍ਹਾਂ ਅਫ਼ਸਰਾਂ ਨੂੰ ਜਦੋਂ ਕੋਈ ਮਿਲਣ ਆਉਂਦਾ ਹੈ ਤਾਂ ਹਾਲਾਤ ਹੋਰ ਅਜੀਬੋ-ਗਰੀਬ ਹੋ ਜਾਂਦੇ ਹਨ। ਜਗ੍ਹਾ ਦੀ ਘਾਟ ਕਾਰਨ ਕਈ ਵਾਰ ਅਫ਼ਸਰ ਮਜਬੂਰੀਵੱਸ ਫਰਿਆਦੀਆਂ ਨੂੰ ਮਿਲਣ ਤੋਂ ਹੀ ਸੰਕੋਚ ਕਰਦੇ ਹਨ।ਇਸ ਕਰਕੇ ਅਫ਼ਸਰਾਂ ਨੂੰ ਠੀਕ ਢੰਗ ਨਾਲ ਕੰਮ ਕਰਨ 'ਚ ਸਮੱਸਿਆਵਾਂ ਪੇਸ਼ ਆਉਂਦੀਆਂ ਹਨ।
ਪਰਸੋਨਲ-ਕਮ-ਯੂ. ਟੀ. ਸਕੱਤਰੇਤ ਦੇ ਇਸਟੈਬਲਿਸ਼ਮੈਂਟ ਸਕੱਤਰ ਕੇ. ਕੇ. ਜਿੰਦਲ ਨੇ ਕਿਹਾ ਕਿ ਇਕ ਅਫ਼ਸਰ ਵਾਸਤੇ ਹੋਰ ਕਮਰੇ ਦੀ ਚੋਣ ਕਰ ਲਈ ਗਈ ਹੈ। ਇਹ ਕਮਰਾ ਇਕ-ਦੋ ਦਿਨਾਂ 'ਚ ਅਧਿਕਾਰੀ ਨੂੰ ਅਲਾਟ ਹੋ ਜਾਵੇਗਾ। ਇਸ ਤੋਂ ਇਲਾਵਾ ਛੇ ਹੋਰ ਕਮਰਿਆਂ ਦਾ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ। ਦੋ-ਤਿੰਨ ਮਹੀਨਿਆਂ 'ਚ ਇਹ ਵੀ ਤਿਆਰ ਹੋ ਜਾਣਗੇ, ਫਿਰ ਅਜਿਹੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।
