ਸ਼ਨੀਵਾਰ ਨੂੰ ਖੁੱਲ੍ਹਣਗੀਆਂ ਦੁਕਾਨਾਂ, ਸਰਕਾਰ ਨੇ ਜਾਰੀ ਕੀਤੇ ਹੁਕਮ
Saturday, Jun 13, 2020 - 01:19 AM (IST)
ਚੰਡੀਗੜ੍ਹ/ਜਲੰਧਰ,(ਅਸ਼ਵਨੀ, ਧਵਨ) : ਪੰਜਾਬ ਸਰਕਾਰ ਨੇ ਵੀਕੈਂਡ ਅਤੇ ਸਰਵਜਨਕ ਛੁੱਟੀਆਂ ਦੌਰਾਨ ਐਲਾਨੇ ਲਾਕਡਾਊਨ 'ਚ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਨਾਲ ਸਬੰਧਿਤ ਦੁਕਾਨਾਂ ਨੂੰ ਹਫਤੇ ਦੇ ਸਾਰੇ ਦਿਨ ਸ਼ਾਮ 7 ਵਜੇ ਤਕ ਖੁੱਲਾ ਰੱਖਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰੈਸਟੋਰੈਂਟ (ਸਿਰਫ ਹੋਮ ਡਿਲੀਵਰੀ) ਅਤੇ ਸ਼ਰਾਬ ਦੀਆਂ ਦੁਕਾਨਾਂ ਸ਼ਾਮ 8 ਵਜੇ ਤਕ ਖੁੱਲੀਆਂ ਰਹਿਣਗੀਆਂ। ਹੋਰ ਦੁਕਾਨਾਂ ਇੱਕਲੀਆਂ ਹੋਣ ਜਾਂ ਸ਼ਾਪਿੰਗ ਮਾਲ 'ਚ ਐਤਵਾਰ ਨੂੰ ਬੰਦ ਰਹਿਣਗੀਆਂ, ਜਦਕਿ ਸ਼ਨੀਵਾਰ ਨੂੰ ਸ਼ਾਮ 5 ਵਜੇ ਤਕ ਖੁੱਲੀਆਂ ਰਹਿਣਗੀਆਂ। ਜ਼ਿਲਾ ਪ੍ਰਸ਼ਾਸਨ ਇਸ ਨਿਰਧਾਰਿਤ ਸਮੇਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏਗਾ।
ਇਹ ਦਿਸ਼ਾ-ਨਿਰਦੇਸ਼ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਹਨ। ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਲੋੜ ਪੈਣ 'ਤੇ ਸਖ਼ਤ ਫੈਸਲੇ ਲੈਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨਾਂ ਦੀਆਂ ਪਾਬੰਦੀਆਂ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੁਤਾਬਕ ਅੰਤਰ-ਜ਼ਿਲਾ ਆਵਾਜਾਈ 'ਤੇ ਪਾਬੰਦੀ ਹੋਵੇਗੀ। ਸਿਰਫ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ। ਇਸ ਦੇ ਇਲਾਵਾ ਸਿਰਫ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫਤੇ ਦੇ ਸਾਰੇ ਦਿਨ ਖੋਲ੍ਹਣ ਦੀ ਆਗਿਆ ਹੋਵੇਗੀ। ਸੂਬਾ ਸਰਕਾਰ ਵਲੋਂ ਲਾਕਡਾਊਨ 5.0/ ਅਨਲਾਕ 1.0 ਸਬੰਧੀ ਪਹਿਲਾਂ ਜਾਰੀ ਨੋਟੀਫਿਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤਕ ਇਹ ਹਿਦਾਇਤਾਂ ਹਫਤੇ ਦੇ ਆਖਰੀ ਵਾਲੇ ਦਿਨਾਂ ਅਤੇ ਗਜਟਿਡ ਛੁੱਟੀਆਂ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ।
ਇਹ ਹਨ ਨਵੇਂ ਦਿਸ਼ਾ-ਨਿਰਦੇਸ਼
ਜ਼ਿਲਾ ਪ੍ਰਸ਼ਾਸਨ ਇਹ ਵੀ ਫੈਸਲਾ ਲੈ ਸਕਦਾ ਹੈ ਕਿ ਸੰਬੰਧਿਤ ਮਾਰਕਿਟ ਐਸੋਸੀਏਸ਼ਨ ਦੇ ਨਾਲ ਗੱਲਬਾਤ ਕਰਕੇ ਗੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਹਫਤੇ 'ਚ ਕਿਸੇ ਹੋਰ ਦਿਨ ਵੀ ਬੰਦ ਕਰਨ ਦੇ ਹੁਕਮ ਜਾਰੀ ਕਰੇ। ਖਾਸ ਤੌਰ 'ਤੇ ਜਿਥੇ ਜ਼ਿਆਦਾ ਜ਼ੋਖਮ ਵਾਲਾ ਇਲਾਕਾ ਹੋਵੇ ਅਤੇ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੋਵੇ।ਅੰਤਰ -ਜ਼ਿਲਾ ਆਵਾਜਾਈ ਈ-ਪਾਸ ਦੇ ਨਾਲ ਹੋ ਸਕੇਗੀ ਜੋ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।