ਪੰਜਾਬ 'ਚ ਪਾਲਤੂ ਕੁੱਤਾ ਰੱਖਣਾ ਨਹੀਂ ਹੋਵੇਗਾ ਆਸਾਨ, ਜਾਰੀ ਹੋਏ ਨਵੇਂ ਫਰਮਾਨ

10/20/2019 3:36:36 PM

ਸ਼ੇਰਪੁਰ (ਅਨੀਸ਼)—ਕੁੱਤਾ ਪਾਲਣ ਦਾ ਸ਼ੌਂਕ ਰੱਖਣ ਵਾਲਿਆਂ ਲਈ ਪੰਜਾਬ ਸਰਕਾਰ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਹੁਣ ਪਾਲਤੂ ਕੁੱਤੇ ਰੱਖਣ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, ਜਿਸ ਦੌਰਾਨ ਇਕ ਨੰਬਰ ਮਿਲੇਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰਕੇ ਪੇਂਡੂ ਇਲਾਕਿਆਂ 'ਚ ਪਾਲਤੂ ਕੁੱਤੇ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਚਾਰ ਮਹੀਨਿਆਂ ਤੋਂ ਜ਼ਿਆਦਾ ਉਮਰ ਦੇ ਪਾਲਤੂ ਕੁੱਤੇ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਚਾਰ ਮਹੀਨਿਆਂ ਦੀ ਉਮਰ ਪੂਰੀ ਕਰਨ ਤੋਂ ਬਾਅਦ 30 ਦਿਨਾਂ ਦੇ ਅੰਦਰ ਕੁੱਤੇ ਦਾ ਮਾਲਕ 50 ਰੁਪਏ ਫੀਸ ਨਾਲ ਰਜਿਸਟ੍ਰੇਸ਼ਨ ਲਈ ਆਪਣੇ ਪਿੰਡ ਦੀ ਪੰਚਾਇਤ ਕੋਲ ਬਿਨੈ ਕਰੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਪੰਚਾਇਤ ਵਲੋਂ ਧਾਤੂ ਵਾਲਾ ਟੋਕਨ ਜਾਰੀ ਕੀਤਾ ਜਾਵੇਗਾ, ਜੋ ਕਿ ਪਾਲਤੂ ਕੁੱਤੇ ਦੇ ਕਾਲਰ ਨਾਲ ਅਟੈਚ ਕਰਨਾ ਹੋਵੇਗਾ।

ਪਾਲਤੂ ਕੁੱਤਿਆਂ ਨੂੰ ਹਲਕਾਅ ਤੋਂ ਬਚਾਈ ਰੱਖਣ ਲਈ ਸਰਕਾਰੀ ਵੈਟਰਨਰੀ ਡਾਕਟਰ ਤੋਂ ਸਮੇਂ-ਸਮੇਂ 'ਤੇ ਟੀਕਾਕਰਨ ਕਰਵਾਉਣਾ ਹੋਵੇਗਾ। ਪਾਲਤੂ ਕੁੱਤੇ ਨੂੰ ਘਰੋਂ ਬਾਹਰ ਲੈ ਕੇ ਜਾਣ ਤੋਂ ਪਹਿਲਾਂ ਚੇਨ ਬੰਨ੍ਹੀ ਜਾਵੇਗੀ। ਜੇ ਕੋਈ ਪਾਲਤੂ ਕੁੱਤਾ ਖੂੰਖਾਰ ਹੋਵੇ ਤਾਂ ਪਾਲਤੂ ਕੁੱਤੇ ਨੂੰ ਬਾਹਰ ਲੈ ਕੇ ਜਾਣ ਵਾਲੇ ਵਿਅਕਤੀ ਦੇ ਹੱਥ 'ਚ ਡੰਡਾ ਹੋਣਾ ਜ਼ਰੂਰੀ ਹੈ। ਰਜਿਸਟਰਡ ਪਾਲਤੂ ਕੁੱਤਾ ਹਮੇਸ਼ਾ ਉਸ ਦੇ ਮਾਲਕ ਦੇ ਕੰਟਰੋਲ 'ਚ ਰਹੇਗਾ ਤਾਂ ਕਿ ਉਹ ਕਿਸੇ ਨੂੰ ਵੀ ਡਰਾ ਨਾ ਸਕੇ, ਨੁਕਸਾਨ ਨਾ ਪਹੁੰਚਾ ਸਕੇ ਤੇ ਵੱਢ ਨਾ ਸਕੇ। ਪਾਲਤੂ ਕੁੱਤੇ ਦੇ ਮਾਲਕ ਵੱਲੋਂ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਪਾਲਤੂ ਕੁੱਤੇ ਵੱਲੋਂ ਰਿਹਾਇਸ਼ੀ ਇਲਾਕੇ, ਗਲੀ, ਮੁਹੱਲੇ 'ਚ ਗੰਦਗੀ ਨਾ ਪਾਈ ਜਾਵੇ। ਰਜਿਸਟਰਡ ਪਾਲਤੂ ਕੁੱਤੇ ਦੇ ਮਾਲਕ ਵਲੋਂ ਪਾਲਤੂ ਕੁੱਤੇ ਰੱਖਣ ਲਈ ਉੱਚਿਤ ਜਗ੍ਹਾ, ਖਾਣਾ, ਮੈਡੀਕਲ ਸਹੂਲਤਾਂ ਦੇਣ ਦੇ ਪੁਖਤਾ ਪ੍ਰਬੰਧ ਹੋਣ। ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਉਸ ਨੂੰ ਖੁੱਲ੍ਹੀ ਜਗ੍ਹਾ ਜਾਂ ਕਿਸੇ ਕੂੜੇ ਦੇ ਢੇਰ 'ਤੇ ਸੁੱਟਣ ਦੀ ਬਜਾਏ ਗ੍ਰਾਮ ਪੰਚਾਇਤ ਵੱਲੋਂ ਦਿੱਤੀ ਗਈ ਜਗ੍ਹਾ 'ਤੇ ਤਿੰਨ-ਤਿੰਨ ਫੁੱਟ ਡੂੰਘੇ ਖੱਡੇ 'ਚ ਦਫਨਾਇਆ ਜਾਵੇ। ਜੇ ਕਿਸੇ ਨੇ ਪਾਲਤੂ ਕੁੱਤਾ ਰੱਖਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਟੀਮਾਂ ਰਜਿਸਟਰਡ ਪਾਲਤੂ ਕੁੱਤਿਆਂ ਦੇ ਰੱਖ-ਰਖਾਅ ਨੂੰ ਦੇਖਣ ਲਈ ਕਿਸੇ ਵੀ ਸਮੇਂ ਅਚਾਨਕ ਨਿਰੀਖਣ ਕਰ ਸਕਦੀਆਂ ਹਨ।


Shyna

Content Editor

Related News