ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਸੇਵਾ ਮੁਕਤੀ 'ਤੇ ਲਗਾਈ ਰੋਕ
Saturday, Mar 14, 2020 - 07:35 PM (IST)
ਅੰਮ੍ਰਿਤਸਰ,(ਦਲਜੀਤ) : ਕਰੋਨਾ ਵਾਇਰਸ ਦੀ ਦਹਿਸ਼ਤ ਨੂੰ ਵੇਖਦਿਆਂ ਹੋਇਆ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਸਰਕਾਰ ਵਲੋਂ 31 ਮਾਰਚ ਨੂੰ ਸਿਹਤ ਵਿਭਾਗ 'ਚ 58 ਸਾਲ ਨੌਕਰੀ ਪੂਰੀ ਕਰਨ ਵਾਲੇ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਹੁਣ ਸੇਵਾਮੁਕਤ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਹੁਣ ਡਾਕਟਰਾਂ ਸਮੇਤ ਪੈਰਾਮੈਡੀਕਲ ਸਟਾਫ ਦੀ 31 ਮਾਰਚ ਨੂੰ ਹੋਣ ਵਾਲੀ ਸੇਵਾ ਮੁਕਤੀ 30 ਸਤੰਬਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਕੇਸ਼ ਸ਼ਰਮਾ ਵਲੋਂ 31 ਮਾਰਚ ਨੂੰ ਡਾਕਟਰਾਂ ਅਤੇ ਸਟਾਫ ਦੀ ਹੋਣ ਵਾਲੀ ਸੇਵਾ ਮੁਕਤੀ ਤੋਂ ਬਾਅਦ ਪ੍ਰਭਾਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਸੀ ਕਿ ਵਿਭਾਗ 'ਚ ਨਵੀਂ ਭਰਤੀ ਤਾਂ ਕੀਤੀ ਨਹੀਂ ਗਈ ਉਪਰੋਂ ਕੋਰੋਨਾ ਵਾਇਰਸ ਦਾ ਪੂਰਾ ਜ਼ੋਰ ਪੰਜਾਬ 'ਚ ਹੈ। 31 ਮਾਰਚ ਨੂੰ ਸੈਂਕੜੇ ਕਰਮਚਾਰੀ ਜੇਕਰ ਸੇਵਾ ਮੁਕਤ ਹੋ ਜਾਂਦੇ ਹਨ ਤਾਂ ਸਿਹਤ ਸੇਵਾਵਾਂ ਲੜਖੜਾ ਜਾਣਗੀਆਂ। ਐਸੋਸੀਏਸ਼ਨ ਦੀ ਇਸ ਜ਼ੋਰਦਾਰ ਮੰਗ ਤੋਂ ਬਾਅਦ ਸਰਕਾਰ ਵਲੋਂ ਉਕਤ ਫੈਸਲਾ ਲਿਆ ਗਿਆ ਹੈ।