ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਐੱਨ. ਆਰ. ਆਈ. ਵਿੰਗ ''ਤੇ ਉਠੇ ਸਵਾਲ

06/24/2017 4:08:28 PM

ਪਟਿਆਲਾ — ਪੰਜਾਬ ਸਰਕਾਰ ਵਲੋਂ ਐੱਨ. ਆਰ. ਆਈਜ਼ ਨੂੰ ਆਪਣੇ ਵਤਨ ਦੇ ਨਾਲ ਜੋੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਆਸਟ੍ਰੇਲੀਆ 'ਚ ਰਹਿਣ ਵਾਲੇ ਇਕ ਐੱਨ. ਆਰ. ਆਈ. ਨੇ ਪੰਜਾਬ ਐੱਨ. ਆਰ. ਆਈ. ਪੁਲਸ ਵਿੰਗਾਂ 'ਤੇ ਸਵਾਲ ਖੜੇ ਕਰਦੇ ਹੋਏ ਆਪਣੇ ਨਾਲ ਹੋਈ ਵਧੀਕੀ ਨੂੰ ਲੈ ਕੇ ਪਟਿਆਲਾ ਦੇ ਇਕ ਨਿਜੀ ਹੋਟਲ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। 
ਐੱਨ. ਆਰ. ਆਈ. ਭਰਤਇੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਰਵਰੀ 'ਚ ਇਕ ਸਰਕਾਰੀ ਬੈਂਕ ਤੋਂ ਐੱਨ. ਓ. ਸੀ. ਲੈਣ ਨੂੰ ਲੈ ਕੇ ਉਹ ਪੰਜਾਬ ਆਏ ਤੇ ਵੱਖ-ਵੱਖ ਵਿਭਾਗਾਂ 'ਚ ਜਾਣ ਦੇ ਬਾਵਜੂਦ ਉਨ੍ਹਾਂ ਦਾ ਕੰਮ ਨਹੀਂ ਹੋਇਆ। 
ਸਿੰਘ ਨੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਐੱਨ. ਆਰ. ਆਈ. ਵਿੰਗਾਂ 'ਤੇ ਕਈ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਲ ਹੋਈ ਜ਼ਿਆਦਤੀ ਨੂੰ ਲੈ ਕੇ ਐੱਨ. ਆਰ. ਆਈ. ਵਿੰਗ 'ਚ ਸ਼ਿਕਾਇਤ ਕੀਤੀ ਸੀ ਪਰ ਅਜੇ ਤਕ ਕੋਈ ਵੀ ਕਾਰਵਾਈ  ਨਹੀਂ ਹੋਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਸਰਕਾਰੀ ਬੈਂਕ ਤੋਂ ਆਪਣੇ ਘਰ 'ਤੇ ਕਰਜ਼ ਲਿਆ ਸੀ ਤੇ ਪੂਰੀ ਪੇਮੇਂਟ ਦੇਣ ਤੋਂ ਬਾਅਦ  ਵੀ ਉਨ੍ਹਾਂ ਨੂੰ ਐੱਨ. ਓ. ਸੀ. ਨਹੀਂ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਐੱਨ. ਆਰ. ਆਈ. ਵਿੰਗ ਨੂੰ ਕੀਤੀ ਪਰ ਅਜੇ ਤਕ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੇ ਇਨ੍ਹਾਂ ਵਿੰਗਾਂ ਨੂੰ ਚਿੱਟਾ ਹਾਥੀ ਦੱਸਿਆ। 
ਉਨ੍ਹਾਂ ਨੇ ਬੈਂਕ ਮੈਨੇਜਰ 'ਤੇ ਵੀ ਦੋਸ਼ ਲਗਾਇਆ ਕਿ ਰਿਸ਼ਵਤ ਲੈਣ ਲਈ ਉਸ ਨੇ ਘਰ ਦੀ ਐੱਨ. ਓ. ਸੀ. ਨਹੀਂ ਦਿੱਤੀ, ਜਦ ਕਿ ਉਸ ਦਾ ਪਰਿਵਾਰ ਪਿਛਲੇ 5 ਮਹੀਨੇ ਤੋਂ ਆਸਟ੍ਰੇਲੀਆ 'ਚ ਹੈ ਤੇ ਉਹ ਆਪਣੇ ਪਰਿਵਾਰ ਤੋਂ ਦੂਰ ਪੰਜਾਬ 'ਚ ਹੈ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ 'ਤੇ ਕਾਰਵਾਈ ਦੇ ਹੁਕਮ ਦਿੱਤੇ ਜਾਣ।


Related News