ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ! ਸ਼ਰੇਆਮ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ

Wednesday, Oct 30, 2019 - 02:08 PM (IST)

ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ! ਸ਼ਰੇਆਮ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ

ਮੋਗਾ (ਵਿਪਨ)—ਇਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਨੇ ਨਸ਼ਾ ਬਿਲਕੁੱਲ ਖਤਮ ਕਰ ਦਿੱਤਾ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿੱਥੇ ਸਾਫ ਤੌਰ 'ਤੇ ਚਾਰ-ਪੰਜ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਨੇ ਫੜਿਆ ਹੈ, ਜਿਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਚਿੱਟਾ ਕਿੱਥੋਂ ਲੈ ਕੇ ਆਏ ਹਨ। ਵੀਡੀਓ 'ਚ ਚਿੱਟਾ ਲੈ ਕੇ ਆਏ ਲੋਕਾਂ ਨੇ ਕਈ ਵਿਅਕਤੀਆਂ ਦਾ ਨਾਂ ਵੀ ਲਿਆ ਹੈ, ਜਿਸ 'ਚ 2 ਸਕੀਆਂ ਭੈਣਾਂ ਵੀ ਹਨ। ਇਸ ਵੀਡੀਓ 'ਚ ਇਕ ਨੌਜਵਾਨ ਨੂੰ ਚਿੱਟੇ ਨਾਲ ਭਰਿਆ ਇੰਜੈਕਸ਼ਨ ਲਗਾਉਂਦੇ ਹੋਏ ਵੀ ਲੋਕਾਂ ਨੇ ਫੜਿਆ ਹੈ।

PunjabKesari

ਇਸ ਸਬੰਧ 'ਚ ਜਦੋਂ ਮੋਗਾ ਦੇ ਐੱਸ.ਪੀ.ਡੀ. ਸੁਪਰੀਡੈਂਟ ਆਫ ਪੁਲਸ (ਡਿਟੈਕਟਿਵ) ਹਰਿੰਦਰ ਪਾਲ ਸਿੰਘ ਪਰਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਵੀਡੀਓ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਵੀਡੀਓ ਮੋਗਾ ਦੇ ਪਿੰਡ ਨੂਰਪੁਰ ਹਕੀਮਾ ਦੀ ਹੈ। ਇਹ ਡੀ.ਐੱਸ.ਪੀ. ਧਰਮਕੋਟ ਵਲੋਂ ਇਕ ਕਮੇਟੀ ਬਣਾਈ ਗਈ ਸੀ, ਜਿਸ 'ਚ ਲੋਕਾਂ ਨੂੰ ਪਿੰਡ ਦੇ ਬਾਹਰ ਪਹਿਰਾ ਦੇਣ ਲਈ ਕਿਹਾ ਗਿਆ ਸੀ ਅਤੇ ਜਿਹੜੇ ਲੋਕ ਫੜ੍ਹੇ ਜਾਣਗੇ। ਉਨ੍ਹਾਂ ਦੀ ਵੀਡੀਓ ਉਹ ਪੁਲਸ ਨੂੰ ਦੇ ਦੇਣਗੇ, ਪਰ ਪਹਿਲਾਂ ਹੀ ਕੁਝ ਲੋਕਾਂ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ, ਜਿਸ ਦੇ ਚੱਲਦੇ ਅੱਜ ਪੁਲਸ ਵਲੋਂ ਉਸ ਪਿੰਡ ਦੀ ਸਰਚ ਮੁਹਿੰਮ ਕੀਤੀ ਗਈ, ਪਰ ਵਾਇਰਲ ਵੀਡੀਓ 'ਚ ਜਿਨ੍ਹਾਂ ਲੋਕਾਂ ਦਾ ਨਾਂ ਲਿਆ ਸੀ, ਇਹ ਵੀਡੀਓ ਵਾਇਰਲ ਹੋਣ ਦੇ ਬਾਅਦ ਅੱਜ ਪੁਲਸ ਦੇ ਹੱਥ ਨਹੀਂ ਲੱਗੇ। ਐੱਸ.ਪੀ.ਡੀ. ਨੇ ਦੱਸਿਆ ਕਿ ਪੁਲਸ ਲਗਾਤਾਰ ਇਸ ਤਰ੍ਹਾਂ ਦੇ ਸਰਚ ਬਿਆਨ ਜਾਰੀ ਕਰੇਗੀ ਅਤੇ ਜਲਦ ਤੋਂ ਜਲਦ ਇਸ ਪਿੰਡ ਅਤੇ ਮੋਗਾ ਦੇ ਪਿੰਡ ਦੌਲੇਵਾਲ 'ਚ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ।


author

Shyna

Content Editor

Related News