ਰਜਿਸਟਰਡ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਜਮਾਤ ਤੋਂ ਮਿਲੇਗਾ ਵਜ਼ੀਫਾ
Thursday, Feb 28, 2019 - 10:26 AM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਦਾ ਕਿਰਤ ਵਿਭਾਗ ਰਜਿਸਟਰਡ ਉਦਯੋਗਿਕ ਕਿਰਤੀਆਂ ਦੇ ਬੱਚਿਆਂ ਨੂੰ ਛੇਵੀਂ ਕਲਾਸ ਤੋਂ ਮਿਲਣ ਵਾਲੇ ਵਜ਼ੀਫੇ ਨੂੰ ਹੁਣ ਪਹਿਲੀ ਜਮਾਤ ਤੋਂ ਜਾਰੀ ਕਰੇਗਾ। ਇਹ ਫੈਸਲਾ ਬਲਬੀਰ ਸਿੰਘ ਸਿੱਧੂ, ਕਿਰਤ ਮੰਤਰੀ-ਕਮ-ਚੇਅਰਮੈਨ ਪੰਜਾਬ ਲੇਬਰ ਵੈੱਲਫੇਅਰ ਬੋਰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲਿਆ ਗਿਆ। ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਦੌਰਾਨ ਉਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਲਾਈ ਸਕੀਮਾਂ ਸਬੰਧੀ ਉਦਯੋਗਪਤੀਆਂ ਤੇ ਕਿਰਤੀਆਂ ਨੂੰ ਜਾਗਰੂਕ ਕਰਵਾਇਆ ਜਾਵੇ ਤਾਂ ਉਦਯੋਗਿਕ ਕਿਰਤੀ ਰਜਿਸਟਰਡ ਹੋ ਕੇ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਉਨ੍ਹਾਂ ਦੱਸਿਆ ਇਸ ਸਮੇਂ ਪੰਜਾਬ ਲੇਬਰ ਵੈੱਲਫੇਅਰ ਬੋਰਡ ਵਲੋਂ ਉਦਯੋਗਿਕ ਕਿਰਤੀਆਂ ਦੇ ਬੱਚਿਆਂ ਲਈ ਛੇਵੀਂ ਕਲਾਸ ਤੋਂ ਲੈ ਕੇ ਡਿਗਰੀ ਕੋਰਸ ਤੱਕ 5,000 ਤੋਂ ਲੈ ਕੇ 70,000 ਰੁਪਏ ਤੱਕ ਵਜ਼ੀਫਾ, ਲੜਕੀ ਦੇ ਵਿਆਹ ਲਈ 31,000 ਰੁਪਏ ਸ਼ਗਨ ਸਕੀਮ ਅਧੀਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਮੀਟਿੰਗ 'ਚ ਹਾਜ਼ਰ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਰਤ ਵਿਭਾਗ ਹੁਣ ਕਿਰਤੀਆਂ ਦੀ ਰਜਿਸਟਰੇਸ਼ਨ ਆਨਲਾਈਨ ਕਰ ਰਿਹਾ ਹੈ ਤਾਂ ਜੋ ਹਰ ਕਿਰਤੀ ਨੂੰ ਸਮੇਂ ਅਨੁਸਾਰ ਸਕੀਮਾਂ ਦਾ ਲਾਭ ਮਿਲ ਸਕੇ। ਕਿਰਤ ਮੰਤਰੀ-ਕਮ-ਚੇਅਰਮੈਨ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਕਿਸੇ ਹਾਦਸੇ ਵਿਚ ਗੈਰ ਰਜਿਸਟਰਡ ਉਦਯੋਗਿਕ ਕਿਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਤੁਰੰਤ ਕੁੱਝ ਮਾਲੀ ਮਦਦ ਜਾਰੀ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ, ਜਿਸ 'ਤੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ।