ਕਾਂਗਰਸ ਨੇ ਸਰਕਾਰ ਚਲਾਉਣ ਲਈ ਮਿਲਿਆ ਫਤਵਾ ਗੁਆ ਲਿਆ : ਸੁਖਬੀਰ

Wednesday, Aug 19, 2020 - 02:05 AM (IST)

ਚੰਡੀਗੜ੍ਹ,(ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸਿਰਫ ਇਕ ਦਿਨ ਤਕ ਸਮੇਟਣ ਨੂੰ ਪੰਜਾਬ ਸਰਕਾਰ ਵਲੋਂ ਇਹ ਕਬੂਲ ਕਰਨਾ ਕਰਾਰ ਦਿੱਤਾ ਹੈ ਕਿ ਉਸ ਨੇ ਸਰਕਾਰ ਚਲਾਉਣ ਲਈ ਮਿਲਿਆ ਫਤਵਾ ਗੁਆ ਲਿਆ ਹੈ ਤੇ ਉਸ ਨੂੰ ਹੁਣ ਲੋਕਾਂ ਦੇ ਪ੍ਰਤੀਨਿਧੀਆਂ ਨੂੰ ਵੀ ਮੂੰਹ ਦਿਖਾਉਣਾ ਔਖਾ ਲੱਗ ਰਿਹਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਨੇ ਕਿਹਾ ਕਿ ਸੈਸ਼ਨ ਨੂੰ ਸਿਰਫ ਇਕ ਦਿਨ ਤਕ ਸਮੇਟਣਾ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕਾਂ ਦੇ ਮੁੱਦਿਆਂ 'ਤੇ ਬਣਾਏ ਲੋਕਤੰਤਰੀ ਦਬਾਅ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਕਰੀਬਨ 4 ਸਾਲਾਂ ਦੌਰਾਨ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਹਿਯੋਗੀ ਤਕਰੀਬਨ ਇਕਾਂਤਵਾਸ ਵਿਚ ਹੀ ਰਹੇ ਹਨ ਅਤੇ ਪੁਲਸ ਨੇ ਉਨ੍ਹਾਂ ਨੂੰ ਲੋਕਾਂ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਕਰ ਦਿੱਤਾ ਹੈ। ਪੁਲਸ ਉਨ੍ਹਾਂ ਦਾ ਵਿਧਾਨ ਸਭਾ ਦੇ ਅੰਦਰ ਸਾਡੇ ਵਲੋਂ ਲੋਕਾਂ ਦੀ ਲੜਾਈ ਤੋਂ ਬਚਾਅ ਨਹੀਂ ਕਰ ਸਕਦੀ, ਇਸ ਵਾਸਤੇ ਉਨ੍ਹਾਂ ਨੇ ਸਾਡਾ ਸਾਹਮਣਾ ਕਰਨ ਦੀ ਥਾਂ ਭੱਜ ਜਾਣਾ ਹੀ ਬਿਹਤਰ ਸਮਝਿਆ ਹੈ। ਸਾਬਕਾ ਉਪ ਮੁੱਖ ਮੰਤਰੀ ਨੇ ਆਖਿਆ ਕਿ ਇਕ ਦਿਨ ਦਾ ਸੈਸ਼ਨ ਵੀ ਸੰਵਿਧਾਨਕ ਮਜਬੂਰੀ ਹੈ, ਜਿਸ ਤੋਂ ਕਾਂਗਰਸ ਸਰਕਾਰ ਭੱਜ ਨਹੀਂ ਸਕਦੀ।

ਪੰਜਾਬ ਵਿਚ ਕੋਰੋਨਾ ਹਾਲਾਤ ਵੱਸੋਂ ਬਾਹਰ ਹੋਣਾ, ਜ਼ਹਿਰੀਲੀ ਸ਼ਰਾਬ ਕਾਰਨ ਬੇਹਿਸਾਬ ਮੌਤਾਂ, ਕਿਸਾਨਾਂ ਅਤੇ ਖੇਤੀਬਾੜੀ ਲਈ ਮਜ਼ਦੂਰਾਂ ਦਾ ਸੰਕਟ, ਮੌਨਟੇਕ ਸਿੰਘ ਆਹਲੂਵਾਲੀਆ ਵਲੋਂ ਮੁਫਤ ਬਿਜਲੀ ਬੰਦ ਕਰਨਾ, ਸੂਬਾ ਸਰਕਾਰ ਦੇ ਮੁਲਾਜ਼ਮਾਂ ਨਾਲ ਅਨਿਆਂ ਤੇ ਮਹਿੰਗਾਈ ਭੱਤੇ ਦੀ ਅਦਾਇਗੀ ਵਿਚ ਦੇਰੀ, ਸ਼ਰਾਬ ਮਾਫੀਆ ਰਾਹੀਂ ਸਰਕਾਰੀ ਖ਼ਜ਼ਾਨੇ ਦੀ ਲੁੱਟ, ਰੇਤ ਮਾਫੀਆ ਅਤੇ ਗੁੰਡਾ ਟੈਕਸ ਸਮੇਤ ਅਨੇਕਾਂ ਮੁੱਦੇ ਹਨ, ਜਿਨ੍ਹਾਂ 'ਤੇ ਸਰਕਾਰ ਘਿਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸਾਰਿਆਂ ਮੁੱਦਿਆਂ 'ਤੇ ਲੋਕਾਂ ਅਤੇ ਅਕਾਲੀ ਦਲ ਤੋਂ ਡਰ ਰਹੀ ਹੈ, ਕਿਉਂਕਿ ਉਸ ਨੂੰ ਸਾਡੇ ਵਲੋਂ ਲੋਕਾਂ ਦੀ ਕਚਹਿਰੀ ਵਿਚ ਪਾਇਆ ਦਬਾਅ ਨਜ਼ਰ ਆ ਰਿਹਾ ਹੈ।

 


Deepak Kumar

Content Editor

Related News