ਮਾਨਸਾ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਮੰਗ, ਪੰਜਾਬ ਸਰਕਾਰ SSP ਭਾਰਗਵ ਤੇ ਮੋਫਰ ਨੂੰ ਦੇਵੇ ਸਨਮਾਨ
Friday, Jul 24, 2020 - 09:26 PM (IST)
ਮਾਨਸਾ,(ਮਿੱਤਲ)-ਸਮੁੱਚੇ ਪੰਜਾਬ ਭਰ 'ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਨੂੰ ਮਾਤ ਦੇਣ ਲਈ ਜਿਲ੍ਹਾ ਪੁਲਿਸ ਕਪਤਾਨ ਮਾਨਸਾ ਡਾ: ਨਰਿੰਦਰ ਭਾਰਗਵ ਅਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦਿਨ-ਰਾਤ ਇੱਕ ਕਰਕੇ ਹੋਰਨਾਂ ਜਿਲ੍ਹਿਆਂ ਦੇ ਮੁਕਾਬਲੇ ਮਾਨਸਾ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਹੈ। ਅੱਜ ਪੂਰੇ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਹਰ ਦਿਨ ਇਸ ਬਿਮਾਰੀ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ ਪਰ ਪੁਲਿਸ ਮੁਖੀ ਅਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਦੀਆਂ ਕੋਸ਼ਿਸ਼ਾਂ ਸਦਕਾ ਕੋਰੋਨਾ ਦੇ ਇੱਕਾ-ਦੁੱਕਾ ਕੇਸਾਂ ਤੋਂ ਇਲਾਵਾ ਇਸ ਵਿੱਚ ਮਾਨਸਾ ਜਿਲ੍ਹੇ ਅੰਦਰ ਜ਼ਿਆਦਾ ਵਾਧਾ ਨਹੀਂ ਹੋ ਸਕਿਆ। ਜਿਲ੍ਹਾ ਮਾਨਸਾ ਦੀਆਂ ਸਮੂਹ ਪੰਚਾਇਤਾਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿਹੜੀ ਭੂਮਿਕਾ ਅਤੇ ਲੋਕਾਂ ਦੀ ਸੁਰੱਖਿਆ ਵਾਸਤੇ ਪੁਲਿਸ ਅਤੇ ਜਿਲ੍ਹਾ ਪ੍ਰੀਸ਼ਦ ਨੇ ਕੰਮ ਕੀਤੇ ਹਨ। ਉਹ ਆਪਣੇ ਆਪ ਵਿੱਚ ਮੂੰੰਹੋ ਬੋਲਦੇ ਹਨ। ਇਸੇ ਹੀ ਬਦੌਲਤ ਅੱਜ ਮਾਨਸਾ ਜਿਲ੍ਹਾ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਵਿੱਚ ਸਭ ਤੋਂ ਪਿਛਲੀ ਕਤਾਰ ਵਿੱਚ ਸ਼ਾਮਿਲ ਹੈ। ਜਿੱਥੇ ਹੋਰਨਾਂ ਜਿਲ੍ਹਿਆਂ ਅਤੇ ਸੂਬਿਆਂ 'ਚ ਧੜਾਧੜ ਕੋਰੋਨਾ ਮਰੀਜ਼ ਵੱਧ ਰਹੇ ਹਨ। ਉੱਥੇ ਮਾਨਸਾ ਜਿਲ੍ਹਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਪੰਚਾਇਤ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਨੂੰ ਸੈਨੀਟਾਈਜ਼ਰ ਅਤੇ ਮਾਸਕ ਪਵਾਉਣ ਦੀਆਂ ਜ਼ਰੂਰੀ ਹਦਾਇਤਾਂ ਤੋਂ ਇਲਾਵਾ ਸਮਾਜਿਕ ਦੂਰੀ ਬਣਾ ਕੇ ਰੱਖਣ, ਇਸ ਬਿਮਾਰੀ ਤੋਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ ਮੁਹੱਲਿਆਂ ਅਤੇ ਘਰਾਂ ਵਿੱਚ ਜਾ ਕੇ ਜਾਗਰੂਕ ਕੀਤਾ ਹੈ। ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਪਣੇ ਵੱਲੋਂ ਸਰਕਾਰ ਵੱਲੋਂ ਭੇਜੇ ਰਾਸ਼ਨ ਦੇ ਨਾਲ ਹਜ਼ਾਰਾਂ ਰਾਸ਼ਣ ਕਿੱਟਾਂ ਨਿੱਜੀ ਤੌਰ 'ਤੇ ਲੋਕਾਂ ਨੂੰ ਵੰਡੀਆਂ, ਜਿਸ ਦਾ ਸਿਲਸਿਲਾ ਹੁਣ ਵੀ ਜਾਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਇਹ ਸਭ ਇਸ ਤਰ੍ਹਾਂ ਹੀ ਜਾਰੀ ਰਹੇਗਾ। ਪੰਚਾਇਤ ਆਗੂਆਂ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਸੀਨੀਅਰ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਨੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਡਰ ਰਹਿਤ ਪੁਲਿਸ ਪ੍ਰਸ਼ਾਸ਼ਨ ਦਿੱਤਾ ਅਤੇ ਇਸ ਬਿਮਾਰੀ ਤੋਂ ਬਚਾਉਣ ਲਈ ਘਰ-ਘਰ ਮੁਹਿੰਮ ਪਹੁੰਚਾਈ। ਉਨ੍ਹਾਂ ਨੇ ਖੁਦ ਸ਼ਹਿਰਾਂ, ਪਿੰਡਾਂ ਅਤੇ ਕਿਸਾਨਾਂ ਕੋਲ ਜਾ ਕੇ ਇਸ ਦੀ ਪਹਿਰਵਾਈ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਫੋਰੀ ਤੌਰ 'ਤੇ ਨਿਪਟਾਰਾ ਕੀਤਾ।
ਲੋਕਾਂ ਨੂੰ ਡਰ 'ਚੋਂ ਕੱਢਣ ਲਈ ਉਨ੍ਹਾਂ ਦੇ ਘਰ ਜਾ ਕੇ ਪੁਲਸ ਨੇ ਜਨਮ ਦਿਨ ਵਰਗੇ ਸਮਾਗਮ ਵੀ ਮਨਾਏ। ਇਸ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਨੇ ਦਿਨ-ਰਾਤ ਇੱਕ ਕਰਦਿਆਂ ਝੁੱਗੀ-ਝੋਂਪੜੀ ਵਾਸੀਆਂ ਤੋਂ ਲੈ ਕੇ ਮੱਧ ਵਰਗੀ ਪਰਿਵਾਰਾਂ ਤੱਕ ਰਾਸ਼ਣ, ਮਾਸਕ ਅਤੇ ਸੈਨੀਟਾਈਜ਼ਰ ਆਦਿ ਸਮੱਗਰੀ ਯਕੀਨੀ ਬਣਾਈ। ਆਗੂਆਂ ਨੇ ਮੰਗ ਕੀਤੀ ਹੈ ਕਿ ਸਮੁੱਚੇ ਪੰਜਾਬ ਦੇ ਜਿਲ੍ਹੇ ਵਿੱਚ ਉਕਤ ਆਗੂ ਅਤੇ ਪੁਲਿਸ ਮੁਖੀ ਦੀ ਬਦੌਲਤ ਜਿਲ੍ਹਾ ਮਾਨਸਾ ਨਸ਼ਾ ਰਹਿਤ ਹੋਇਆ ਅਤੇ ਮਹਾਂਮਾਰੀ ਦੀ ਲਪੇਟ ਵਿੱਚ ਆਉਣ ਤੋਂ ਬਚਿਆ। ਸਰਕਾਰ ਨੂੰ ਆਪਣੀ ਫਤਿਹ ਮਿਸ਼ਨ ਮੁਹਿੰਮ ਤਹਿਤ ਚਾਹੀਦਾ ਹੈ ਕਿ ਪੁਲਿਸ ਮੁਖੀ ਡਾ: ਭਾਰਗਵ ਅਤੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੂੰ ਹੱਲਾਸ਼ੇਰੀ ਅਤੇ ਉਤਸ਼ਾਹ ਵਧਾਉਣ ਲਈ ਕੋਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ ਦੇ ਨਾਮ ਤੇ ਖਾਸ ਸਨਮਾਨ ਨਾਲ ਨਿਵਾਜੇ। ਇਸ ਮੌਕੇ ਮੰਗ ਕਰਨ ਵਾਲਿਆਂ ਵਿੱਚ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਹਲਕਾ ਸਰਦੂਲਗੜ੍ਹ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ, ਯੂਥ ਕਾਂਗਰਸ ਜਿਲ੍ਹੇ ਦੇ ਸੀਨੀਅਰੀ ਨੇਤਾ ਸਰਪੰਚ ਜਗਸੀਰ ਸਿੰਘ ਮੀਰਪੁਰ, ਐਡਵੋਕੇਟ ਸਰਪੰਚ ਗੁਰਵਿੰਦਰ ਸਿੰਘ ਬੀਰੋਕੇ ਆਗੂ ਮੌਜੂਦ ਸਨ।