ਪੰਜਾਬ ਸਰਕਾਰ ਨੇ 300 ਯੂਨਿਟ ਮੁਆਫ਼ ਕਰਨ ਦਾ ਲਿਆ ਵੱਡਾ ਫ਼ੈਸਲਾ : ਹਰਪਾਲ ਚੀਮਾ
Wednesday, Apr 20, 2022 - 06:07 PM (IST)
ਸੰਗਰੂਰ : ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਪੰਜਾਬ ਨੇ ਰੈਸਟ ਹਾਊਸ ਸੰਗਰੂਰ ਵਿਖੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਵਿਚੋਂ ਪਹਿਲਾਂ ਵੱਡਾ ਫੈਸਲਾ 300 ਯੂਨਿਟ ਮੁਆਫ ਕਰਨ ਦਾ ਲਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਜੋ ਕਿ ਸਰਕਾਰ ਬਨਣ ਦੇ ਇਕ ਮਹੀਨੇ ਅੰਦਰ ਹੀ ਫੈਸਲਾ ਕਰਕੇ ਐਲਾਨ ਕਰ ਦਿੱਤਾ ਹੈ। ਜਿਹੜਾ ਆਉਣ ਵਾਲੇ ਮਹੀਨਿਆਂ ਵਿਚ ਲਾਗੂ ਹੋ ਜਾਵੇਗਾ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਚੀਮਾ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਹੌਲੀ-ਹੌਲੀ ਸਾਡੀ ਸਰਕਾਰ ਪੂਰੇ ਕਰੇਗੀ। ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ, ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਮੁਹੱਈਆ ਕਰਾਉਣ ਲਈ ਸਾਡੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਰਿਸ਼ਵਤਖੋਰੀ ਨੂੰ ਪੂਰੀ ਤਰ੍ਹਾਂ ਪੰਜਾਬ ਵਿਚੋਂ ਖ਼ਤਮ ਕਰੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਹੀ ਭ੍ਰਿਸ਼ਟਾਚਾਰੀ ਤੋਂ ਰਾਹਤ ਮਹਿਸੂਸ ਹੋਣ ਲੱਗ ਪਈ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪ੍ਰਸਾਸ਼ਨਿਕ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਆਪਣੇ ਆਪਣੇ ਦਫ਼ਤਰਾਂ ਵਿਚ ਪਹੁੰਚ ਰਹੇ ਹਨ ਤੇ ਸਰਕਾਰੀ ਕੰਮ ਕਾਰ ਸਮੇਂ ਸਿਰ ਨਿਪਟਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਟਾਲ ਮਟੌਲ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਦਮ ਚੁਕਣ ਲਈ ਵਚਨਬੱਧ ਹੈ ਤੇ ਅਸੀਂ ਸਖਤ ਕਦਮ ਚੁੱਕਾਂਗੇ। ਚੀਮਾ ਨੇ ਕਣਕ ਦੀ ਖਰੀਦ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਖਰੀਦ ਸਾਰੀਆਂ ਮੰਡੀਆਂ ਤੇ ਖਰੀਦ ਕੇਂਦਰਾਂ ਵਿਚ ਤਸੱਲੀਬਖਸ਼ ਢੰਗ ਨਾਲ ਹੋ ਰਹੀ ਹੈ ਤੇ ਖਰੀਦੀ ਗਈ ਕਣਕ ਦੀ ਅਦਾਇਗੀ ਵੀ ਏਜੰਸੀਆਂ ਸਮੇਂ ਸਿਰ ਕਰ ਰਹੀਆਂ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਇਸ ਵਾਰ ਗਰਮੀ ਪਹਿਲਾਂ ਪੈਣ ਕਾਰਨ ਝਾੜ ਘੱਟ ਨਿਕਲ ਰਿਹਾ ਹੈ ਤੇ ਕਿਸਾਨਾਂ ਨੂੰ ਇਸ ਦਾ ਘਾਟਾ ਪੈ ਰਿਹਾ ਹੈ। ਇਸ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮੌਸਮ ਵਿਚ ਸਮੇਂ ਤੋਂ ਪਹਿਲਾਂ ਗਰਮਾਹਟ ਆ ਜਾਣ ਕਾਰਨ ਅਜਿਹਾ ਵਾਪਰਿਆ ਹੈ ਤੇ ਕਣਕ ਦਾ ਝਾੜ ਜ਼ਰੂਰ ਘਟਿਆ ਹੈ।