ਕੋਈ ਵੀ ਰੇਲ ਮਾਰਗ ਰੁਕਿਆ ਹੋਇਆ ਨਹੀਂ : ਪੰਜਾਬ ਸਰਕਾਰ
Wednesday, Dec 02, 2020 - 12:00 AM (IST)
ਚੰਡੀਗੜ੍ਹ, (ਹਾਂਡਾ)-ਪੰਜਾਬ ਵਿਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਦੇ ਕਾਰਣ ਰੇਲ ਅਤੇ ਸੜਕ ਮਾਰਗ ਰੋਕਣ ਖਿਲਾਫ਼ ਇਕ ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਹਲਫ਼ਨਾਮਾ ਦਰਜ ਕਰ ਕੇ ਕੋਰਟ ਨੂੰ ਦੱਸਿਆ ਕਿ ਸੂਬੇ ਵਿਚ ਹੁਣ ਕਿਤੇ ਵੀ ਰੇਲ ਅਤੇ ਸੜਕ ਮਾਰਗ ਰੁਕੇ ਹੋਏ ਨਹੀਂ ਹਨ। ਹਾਈ ਕੋਰਟ ਦੇ ਹੁਕਮ 'ਤੇ ਕਿਸਾਨ-ਮਜਦੂਰ ਸੰਘਰਸ਼ ਕਮੇਟੀ (ਪੰਨੂ) ਦੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੇ ਹਲਫ਼ਨਾਮਾ ਦਰਜ ਕਰ ਕੇ ਕਿਹਾ ਕਿ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਨੂੰ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ ਹੈ।
ਇਸ 'ਤੇ ਕੇਂਦਰ ਸਰਕਾਰ ਵਲੋਂ ਐਡੀਸ਼ਨਲ ਸਾਲੀਸਿਟਰ ਜਨਰਲ ਆਫ਼ ਇੰਡੀਆ ਨੇ ਕਿਹਾ ਕਿ ਜੰਡਿਆਲਾ ਗੁਰੂ ਰੇਲਵੇ ਟ੍ਰੈਕ ਤਾਂ ਕਿਸਾਨਾਂ ਨੇ ਖਾਲੀ ਕਰ ਦਿੱਤਾ ਪਰ ਉਹ ਸਟੇਸ਼ਨ 'ਤੇ ਧਰਨਾ ਦੇ ਕੇ ਬੈਠੇ ਹਨ ਅਤੇ ਉਹ ਯਾਤਰੀ ਟ੍ਰੇਨ ਨੂੰ ਚੱਲਣ ਨਹੀਂ ਦੇ ਰਹੇ, ਜਿਸ ਕਾਰਨ ਜੰਡਿਆਲਾ ਗੁਰੂ ਤੋਂ ਜਾਣ ਵਾਲੀ ਪੈਸੇਂਜਰ ਟ੍ਰੇਨ ਨੂੰ ਰੂਟ ਡਾਇਵਰਟ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ 'ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਪੱਲੀ 'ਤੇ ਆਧਾਰਤ ਬੈਂਚ ਨੇ ਕਿਹਾ ਕਿ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਵਲੋਂ ਹਾਈ ਕੋਰਟ ਵਿਚ ਹਲਫ਼ਨਾਮਾ ਦੇ ਕੇ ਰੇਲ ਅਤੇ ਸੜਕ ਮਾਰਗ ਰੁਕੇ ਨਹੀਂ ਹਨ, ਨੂੰ ਮੰਨਿਆ ਹੈ। ਕੋਰਟ ਨੇ ਕਿਹਾ ਹੈ ਕਿ ਜੇਕਰ ਗਲਤ ਹਲਫ਼ਨਾਮਾ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।