ਪੈਟਰੋਲ ਪੰਪ ਬੰਦ ਹੋਣ ਕਾਰਨ ਸਰਕਾਰ ਨੂੰ 15 ਕਰੋੜ ਦਾ ਨੁਕਸਾਨ

Tuesday, Apr 03, 2018 - 11:44 AM (IST)

ਲੁਧਿਆਣਾ (ਖੁਰਾਣਾ) : ਆਰਥਿਕ ਮੰਦਹਾਲੀ ਨਾਲ ਜੂਝ ਰਹੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਅੱਜ ਭਾਰਤ ਬੰਦ ਰਹਿਣ ਕਾਰਨ ਰਾਜ ਭਰ ਦੇ ਪੈਟਰੋਲ ਪੰਪ ਬੰਦ ਹੋਣ ਕਾਰਨ ਅਤੇ ਐੱਲ. ਪੀ. ਜੀ. ਗੈਸ ਦੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਸਾਢੇ 15 ਕਰੋੜ ਰੁਪਏ ਦਾ ਵੱਡਾ ਰੈਵੀਨਿਊ ਦਾ ਨੁਕਸਾਨ ਝੱਲਣਾ ਪਿਆ।  ਇਕ ਅੰਦਾਜ਼ੇ ਮੁਤਾਬਕ ਪੰਜਾਬ ਭਰ ਦੇ ਸਾਰੇ ਪੈਟਰੋਲ ਪੰਪਾਂ 'ਤੇ ਰੋਜ਼ਾਨਾ ਕਰੀਬ 11 ਹਜ਼ਾਰ 700 ਲਿਟਰ ਡੀਜ਼ਲ ਅਤੇ 3091 ਲਿਟਰ ਪੈਟਰੋਲ ਦੀ ਵਿਕਰੀ ਹੁੰਦੀ ਹੈ, ਜਿਸ ਦੀ ਕੁਲ ਕੀਮਤ 96 ਕਰੋੜ ਰੁਪਏ ਬਣਦੀ ਹੈ, ਜਿਸ 'ਤੇ ਟੈਕਸ ਵਜੋਂ ਪੰਜਾਬ ਸਰਕਾਰ ਦੀ ਝੋਲੀ ਵਿਚ ਰੋਜ਼ਾਨਾ ਕਰੀਬ 15 ਕਰੋੜ ਰੁਪਏ ਦਾ ਰੈਵੀਨਿਊ ਪੈਂਦਾ ਹੈ, ਜੋ ਕਿ ਅੱਜ ਰਾਜ ਭਰ ਵਿਚ ਪੈਟਰੋਲ ਪੰਪ ਬੰਦ ਰਹਿਣ ਕਾਰਨ ਸਰਕਾਰ ਦੇ ਹੱਥੋਂ ਮੁੱਠੀ 'ਚੋਂ ਰੇਤ ਵਾਂਗ ਨਿਕਲ ਗਿਆ।   ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਪੈਟਰੋਲ ਪੰਪ ਬੰਦ ਹੋਣ ਕਾਰਨ ਡੀਲਰਾਂ ਨੂੰ 96 ਕਰੋੜ ਰੁਪਏ ਦੀ ਵਿੱਕਰੀ ਦਾ ਨੁਕਸਾਨ ਸਹਿਣਾ ਪਿਆ ਹੈ।  ਨਾਲ ਹੀ ਹੁਣ ਗੱਲ ਕੀਤੀ ਜਾਵੇ ਸੂਬੇ ਭਰ ਵਿਚ ਹੋਣ ਵਾਲੇ ਘਰੇਲੂ ਅਤੇ ਵਪਾਰਕ ਗੈਸ ਸਿਲੰਡਰ ਦੀ ਪ੍ਰਭਾਵਿਤ ਹੋਈ ਸਪਲਾਈ ਦੀ ਤਾਂ ਇਸ ਵਿਚ ਵੀ ਸਰਕਾਰ ਨੂੰ ਕਰੀਬ 54 ਲੱਖ ਰੁਪਏ ਦੇ ਰੈਵੀਨਿਊ ਦਾ ਘਾਟਾ ਹੋਇਆ ਹੈ। ਇੰਡੇਨ ਗੈਸ ਕਪਨੀ ਨਾਲ ਸਬੰਧਤ ਇਕ ਅਧਿਕਾਰੀ ਮੁਤਾਬਕ ਪੰਜਾਬ ਭਰ ਦੇ 22 ਜ਼ਿਲਿਆਂ ਵਿਚ ਰੋਜ਼ਾਨਾ ਕਰੀਬ 1 ਲੱਖ ਘਰੇਲੂ ਗੈਸ ਸਿਲੰਡਰਾਂ ਦੀ ਡੋਰ-ਟੂ-ਡੋਰ ਸਪਲਾਈ ਕੀਤੀ ਜਾਂਦੀ ਹੈ, ਜਿਸ ਦੀ ਕੁਲ ਕੀਮਤ 6 ਕਰੋੜ 80 ਲੱਖ ਰੁਪਏ ਬਣਦੀ ਹੈ, ਜਿਸ 'ਤੇ ਸਰਕਾਰ ਨੂੰ ਰੋਜ਼ਾਨਾ 34 ਲੱਖ ਰੁਪਏ ਦਾ ਕਰ ਪ੍ਰਾਪਤ ਹੁੰਦਾ ਹੈ।


Related News