ਪੜ੍ਹੇ-ਲਿਖੇ ਬੇਰੁਜ਼ਗਾਰਾਂ ਲਈ ਖਾਸ ਖਬਰ, ਨੌਕਰੀਆਂ ਨੂੰ ਲੈ ਕੇ ਕੈਪਟਨ ਨੇ ਕੀਤਾ ਵੱਡਾ ਐਲਾਨ

Saturday, Aug 22, 2020 - 08:06 AM (IST)

ਜਲੰਧਰ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਦਾ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਵਿਚਕਾਰ ਛੇ ਲੱਖ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ 'ਚੋਂ ਇਕ ਲੱਖ ਸਰਕਾਰੀ ਨੌਕਰੀਆਂ ਅਗਲੇ ਮਹੀਨੇ ਤੋਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

ਪੀ.ਐਸ.ਪੀ.ਸੀ.ਐਲ. ਦੀਆਂ ਆਸਾਮੀਆਂ ਨਤੀਜਿਆਂ ਦੇ ਐਲਾਨ ਤੋਂ ਛੇ ਮਹੀਨੇ ਮਗਰੋਂ ਵੀ ਨਾ ਭਰਨ ਬਾਰੇ ਮੁੱਖ ਮੰਤਰੀ ਨੇ ਜਲੰਧਰ ਦੇ ਇਕ ਵਸਨੀਕ ਨੂੰ ਭਰੋਸਾ ਦਿੱਤਾ ਕਿ ਤਾਲਾਬੰਦੀ ਕਾਰਨ ਦੇਰੀ ਹੋਈ ਹੈ ਅਤੇ ਸਹਾਇਕ ਲਾਈਨਮੈਨ ਲਈ 2393 ਤੇ ਸਹਾਇਕ ਇੰਜੀਨੀਅਰ (ਇਲੈਕਟ੍ਰੀਕਲ) ਲਈ ਚੁਣੇ ਗਏ 71 ਉਮੀਦਵਾਰਾਂ ਨੂੰ ਪਹਿਲਾਂ ਹੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਹੁਣ ਲੇਖਾ ਅਫ਼ਸਰਾਂ, ਮਾਲ ਲੇਖਾਕਾਰ ਤੇ ਸੁਪਰਡੈਂਟ ਡਿਵੀਜ਼ਨਲ ਅਕਾਊਂਟੈਂਟ ਦੀਆਂ ਆਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਅਗਲੇ ਹਫ਼ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀ ਦੀ ਸ਼ਿਕਾਇਤ ਕਿ ਯੂਨੀਵਰਸਿਟੀ ਨੇ ਸਰਕਾਰ ਵੱਲੋਂ ਉਸ ਦੀ ਫੀਸ ਭਰੇ ਜਾਣ ਤੱਕ ਉਸ ਨੂੰ ਡਿਟੇਲ ਮਾਰਕਸ ਸ਼ੀਟ (ਡੀ.ਐਮ.ਸੀ.) ਤੇ ਡਿਗਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਗੇ ਅਤੇ ਇਸ ਦੌਰਾਨ ਉਹ ਵਾਈਸ ਚਾਂਸਲਰ ਨੂੰ ਵੀ ਕਹਿਣਗੇ ਕਿ ਉਹ ਵਿਦਿਆਰਥੀਆਂ ਨੂੰ ਡਿਗਰੀਆਂ ਜਾਰੀ ਕਰਨ ਕਿਉਂਕਿ ਭਾਰਤ ਸਰਕਾਰ ਦੀ ਸਕੀਮ ਮੁਤਾਬਕ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਵਜ਼ੀਫ਼ਾ ਸਿੱਧਾ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਾਂਦਾ ਹੈ। ਹਾਲਾਂਕਿ ਇਹ ਵਜ਼ੀਫ਼ਾ ਹਾਲੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਆਰਥਿਕ ਫਰੰਟ 'ਤੇ ਮੁਸ਼ਕਲਾਂ ਨਾਲ ਜੂਝ ਰਹੀ ਸੂਬਾ ਸਰਕਾਰ ਉਤੇ ਇਸ ਸਕੀਮ ਦਾ ਸਮੁੱਚਾ 780 ਕਰੋੜ ਰੁਪਏ ਦਾ ਭਾਰ ਸੁੱਟ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਉਹ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਉਣ ਦੇਣ ਲਈ ਤਤਪਰ ਹਨ।

ਝੋਨੇ ਦੀ ਖ਼ਰੀਦ ਲਈ ਪੁਖਤਾ ਪ੍ਰਬੰਧ
ਸੂਬਾ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਪੁਖ਼ਤਾ ਤੇ ਸੁਚਾਰੂ ਪ੍ਰਬੰਧ ਕਰਨ ਦਾ ਵਿਸ਼ਵਾਸ ਦਿਵਾਉਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਵਾਢੀ ਵਿੱਚ ਕਾਹਲੀ ਨਾ ਕਰਨ। ਪੰਜਾਬ ਸਰਕਾਰ ਦੇ ਝੋਨੇ ਦੀ ਖ਼ਰੀਦ ਲਈ ਪੂਰੀ ਤਰਾਂ ਤਿਆਰ ਹੋਣ ਬਾਰੇ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਛੇਤੀ ਫ਼ਸਲ ਲਿਆਉਣਾ ਨੁਕਸਾਨਦਾਇਕ ਹੋਵੇਗਾ ਕਿਉਂਕਿ ਫ਼ਸਲ ਚੰਗੀ ਤਰਾਂ ਪੱਕੀ ਨਹੀਂ ਹੋਵੇਗੀ। ਆਪਣੇ ਫ਼ੇਸਬੁੱਕ ਲਾਈਵ ਪ੍ਰੋਗਰਾਮ 'ਕੈਪਟਨ' ਦੌਰਾਨ ਸਮਰਾਲਾ ਦੇ ਇਕ ਵਸਨੀਕ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਢੀ ਉਦੋਂ ਹੀ ਕੀਤੀ ਜਾਵੇ, ਜਦੋਂ ਤੱਕ ਫ਼ਸਲ ਪੂਰੀ ਤਰਾਂ ਪੱਕ ਜਾਵੇ।
ਅੰਮ੍ਰਿਤਸਰ ਦੇ ਇਕ ਵਾਸੀ ਦੇ ਸਵਾਲ ਕਿ ਪੰਜਾਬ ਦੀਆਂ ਸਬਜ਼ੀਆਂ ਦੇਸ਼ ਦੇ ਹੋਰ ਭਾਗਾਂ ਵਿੱਚ ਭੇਜਣ ਲਈ ਵਿਸ਼ੇਸ਼ ਉਡਾਣਾਂ ਸ਼ੁਰੂ ਕਰਨ ਅਤੇ ਆਪਣੀ ਪਿਛਲੀ ਸਰਕਾਰ ਦੌਰਾਨ ਕੀਤੇ ਵਾਅਦੇ ਕਿ ਸਿੱਧੀ ਖ਼ਰੀਦ ਲਈ ਉਦਯੋਗਾਂ ਨਾਲ ਸਮਝੌਤਾ ਕਰਨ ਦੇ ਸਵਾਲ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਯਕੀਨਨ ਇਸ ਮਸਲੇ ਉਤੇ ਗੌਰ ਕਰਨਗੇ।
ਲੁਧਿਆਣਾ ਦੇ ਇਕ ਵਾਸੀ ਦੀ ਅਪੀਲ ਕਿ ਡੇਅਰੀ ਤਕਨਾਲੋਜੀ ਤੇ ਖੇਤੀਬਾੜੀ ਵਿਸ਼ਿਆਂ ਨੂੰ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਸਕੂਲ ਸਿੱਖਿਆ ਦਾ ਭਾਗ ਬਣਾਉਣ ਦੀ ਪੇਸ਼ਕਸ਼ ਕੀਤੀ ਜਾਵੇ, ਉਪਰ ਮੁੱਖ ਮੰਤਰੀ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਡੇਅਰੀ ਫਾਰਮਿੰਗ ਤੇ ਖੇਤੀਬਾੜੀ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਧੁਰਾ ਹੈ ਅਤੇ ਇਨਾਂ ਵਿਸ਼ਿਆਂ ਨੂੰ ਵਿਗਿਆਨਕ ਤੌਰ ਉਤੇ ਪੜਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਨੂੰ ਪੱਤਰ ਲਿਖਣਗੇ ਕਿ ਇਨਾਂ ਵਿਸ਼ਿਆਂ ਨੂੰ ਗਿਆਰਵੀਂ ਤੇ ਬਾਰਵੀਂ ਜਮਾਤਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਨਵੀਆਂ ਸੰਭਾਵਨਾਵਾਂ ਤਲਾਸ਼ਣ ਲਈ ਨਵੀਂ ਸਿੱਖਿਆ ਨੀਤੀ ਦੀ ਵੀ ਘੋਖ ਕਰੇਗੀ।
 


Deepak Kumar

Content Editor

Related News