ਸਰਕਾਰੀ ਹਸਪਤਾਲ ਹੋਣਗੇ ਆਧੁਨਿਕ ਤਕਨੀਕਾਂ ਨਾਲ ਲੈਸ

Saturday, Nov 11, 2017 - 01:19 AM (IST)

ਅੰਮ੍ਰਿਤਸਰ, (ਦਲਜੀਤ)- ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਹੋਰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮਰੀਜ਼ਾਂ ਦੀ ਸੁਵਿਧਾ ਲਈ ਜਿਥੇ ਹਸਪਤਾਲਾਂ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਜਾਵੇਗਾ, ਉਥੇ ਹੀ ਡਾਕਟਰਾਂ ਤੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਨਵੇਂ ਸਟਾਫ ਦੀ ਭਰਤੀ ਕੀਤੀ ਜਾਵੇਗੀ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅੱਜ ਸਿਵਲ ਹਸਪਤਾਲ ਦੇ ਨਿਰੀਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਤੇ ਮਾਣ ਹੈ, ਜਿਸ ਨੇ ਕੌਮੀ ਅਤੇ ਸਟੇਟ ਪੱਧਰ 'ਤੇ ਵਿਸ਼ੇਸ਼ ਉਪਲਬਧੀਆਂ ਪ੍ਰਾਪਤ ਕਰ ਕੇ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਸੂਬੇ ਦੀਆਂ ਸਿਹਤ ਸੇਵਾਵਾਂ ਵੱਲ ਧਿਆਨ ਨਾ ਦੇਣ ਕਰ ਕੇ ਸਰਕਾਰੀ ਹਸਪਤਾਲਾਂ 'ਚ ਸੁਵਿਧਾਵਾਂ ਪ੍ਰਭਾਵਿਤ ਹੋਈਆਂ ਸਨ ਪਰ ਹੁਣ ਕਾਂਗਰਸ ਸਰਕਾਰ ਸੱਤਾ ਵਿਚ ਆਉਂਦੇ ਹੀ ਸਿਹਤ ਸੇਵਾਵਾਂ ਬਿਹਤਰ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੇ ਕਈ ਜ਼ਿਲਿਆਂ ਦਾ ਨਿਰੀਖਣ ਕਰ ਕੇ ਹਸਪਤਾਲਾਂ 'ਚ ਸਾਹਮਣੇ ਆਉਣ ਵਾਲੀ ਘਾਟ ਨੂੰ ਜਲਦ ਤੋਂ ਜਲਦ ਦੂਰ ਕਰ ਕੇ ਮਰੀਜ਼ਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਸਰਕਾਰੀ ਡਾਕਟਰਾਂ ਤੇ ਸਿਹਤ ਕਾਮਿਆਂ ਦੀ ਪਿੱਠ ਥਪਥਪਾਉਂਦਿਆਂ ਕਿਹਾ ਕਿ ਹਸਪਤਾਲਾਂ ਦਾ ਮਿਹਨਤੀ ਸਟਾਫ ਚੰਗੇ ਕੰਮ ਕਰ ਕੇ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੈ। ਮੰਤਰੀ ਨੇ ਸਿਵਲ ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਤੇ ਐੱਸ. ਐੱਮ. ਓ.-ਕਮ-ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਜਿੰਦਰ ਅਰੋੜਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ।
ਸਿਹਤ ਮੰਤਰੀ ਨੇ ਡਾਕਟਰਾਂ ਨੂੰ ਦਿੱਤੇ ਗੁਰ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਜ਼ਿਲੇ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਐੱਸ. ਐੱਮ. ਓ. ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੰਤਰੀ ਨੇ ਡਾਕਟਰਾਂ ਨੂੰ ਮਰੀਜ਼ਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦਾ ਉਤਸ਼ਾਹ ਵਧਾਇਆ। ਸਿਹਤ ਮੰਤਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਹਨ, ਬਸ ਡਾਕਟਰ ਭਗਵਾਨ ਦਾ ਰੂਪ ਹਨ, ਇਸ ਤੱਥ ਨੂੰ ਸਾਹਮਣੇ ਰੱਖਦੇ ਹੋਏ ਈਮਾਨਦਾਰੀ ਤੇ ਲਗਨ ਨਾਲ ਕੰਮ ਕਰਨ।
ਬ੍ਰਹਮ ਮਹਿੰਦਰਾ ਸਿਵਲ ਸਰਜਨ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਸਿਵਲ ਸਰਜਨ ਡਾ. ਨਰਿੰਦਰ ਕੌਰ ਦੀਆਂ ਜ਼ਿਲਾ ਅੰਮ੍ਰਿਤਸਰ 'ਚ ਵਧੀਆ ਸੇਵਾਵਾਂ ਤੋਂ ਕਾਫੀ ਪ੍ਰਭਾਵਿਤ ਹੋਏ। ਮੰਤਰੀ ਨੇ ਕਿਹਾ ਕਿ ਡਾ. ਨਰਿੰਦਰ ਕੌਰ ਨੇ ਜ਼ਿਲੇ 'ਚ ਭਰੂਣ ਹੱਤਿਆ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਮੈਡਮ ਵਾਂਗ ਹੀ ਜੇਕਰ ਸਾਰੇ ਅਧਿਕਾਰੀ ਅਜਿਹੇ ਢੰਗ ਨਾਲ ਕੰਮ ਕਰਨ ਤਾਂ ਸਮਾਜ ਨੂੰ ਜਿਥੇ ਵਿਸ਼ੇਸ਼ ਦਿਸ਼ਾ ਮਿਲੇਗੀ, ਉਥੇ ਹੀ ਗਲਤ ਕੰਮ ਕਰਨ ਵਾਲੇ ਅਨਸਰਾਂ 'ਤੇ ਵੀ ਨਕੇਲ ਪਵੇਗੀ।
ਮੈਂਬਰ ਪਾਰਲੀਮੈਂਟ ਦੀ ਰਿਪੋਰਟ 'ਤੇ ਹੋਵੇਗਾ ਐਕਸ਼ਨ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਗੁਰੂ ਨਾਨਕ ਹਸਪਤਾਲ ਵਿਖੇ ਕੀਤੇ ਗਏ ਉੱਚ ਨਿਰੀਖਣ ਦੌਰਾਨ ਸਾਹਮਣੇ ਆਈਆਂ ਊਣਤਾਈਆਂ ਦੀ ਰਿਪੋਰਟ ਉਨ੍ਹਾਂ ਨੂੰ ਮਿਲ ਗਈ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਦੀ ਇਸ ਸਬੰਧੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਰਿਪੋਰਟ ਦੇ ਆਧਾਰ 'ਤੇ ਐਕਸ਼ਨ ਲੈਣ ਸਬੰਧੀ ਹੁਕਮ ਦੇ ਦਿੱਤੇ ਗਏ ਹਨ। ਮੰਤਰੀ ਨੇ ਕਿਹਾ ਕਿ ਔਜਲਾ ਵੱਲੋਂ ਹਸਪਤਾਲ ਵਿਚ ਦਿੱਤੇ ਜਾਣ ਵਾਲੇ ਗੱਦਿਆਂ ਦਾ ਉਪਰਾਲਾ ਵੀ ਸ਼ਲਾਘਾਯੋਗ ਹੈ। 
ਇਹ ਸਨ ਮੌਜੂਦ
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਤਰਸੇਮ ਸਿੰਘ ਡੀ. ਸੀ., ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਸਿਵਲ ਸਰਜਨ ਡਾ. ਨਰਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ. ਰਾਮੇਸ਼, ਡਾ. ਚਰਨਜੀਤ, ਡਾ. ਰਾਜਿੰਦਰ ਅਰੋੜਾ, ਪੰਡਿਤ ਰਾਕੇਸ਼ ਸ਼ਰਮਾ, ਐੱਸ. ਐੱਮ. ਓ. ਡਾ. ਵਿਜੇ ਸਰੋਆ, ਡਾ. ਆਤਮਜੀਤ ਬਸਰਾ, ਪ੍ਰਧਾਨ ਜਸਬੀਰ ਕੌਰ, ਸੰਦੀਪ ਅਗਰਵਾਲ, ਡਾ. ਸੇਠੀ, ਡਾ. ਰਿਆੜ, ਡਾ. ਅਰੁਣ, ਸਚਿਨ, ਪ੍ਰਧਾਨ ਦੀਪਕ ਤੇ ਡਾ. ਬ੍ਰਿਜ ਸਮੇਤ ਵੱਡੀ ਗਿਣਤੀ 'ਚ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।
ਸਿਵਲ ਹਸਪਤਾਲ ਨੂੰ ਮਿਲਣਗੀਆਂ 2 ਐਂਬੂਲੈਂਸ ਵੈਨਾਂ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਵਲ ਹਸਪਤਾਲ ਨੂੰ ਜਲਦ ਹੀ ਸਿਹਤ ਵਿਭਾਗ ਵੱਲੋਂ ਨਵੀਂ ਐਂਬੂਲੈਂਸ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਹਤ ਮੰਤਰੀ ਨਾਲ ਆਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਆਪਣੇ ਫੰਡ 'ਚੋਂ ਵੱਖਰੇ ਤੌਰ 'ਤੇ ਹਸਪਤਾਲ ਨੂੰ ਐਂਬੂਲੈਂਸ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲ ਨੂੰ ਵਧੀਆ ਤਕਨੀਕਾਂ ਨਾਲ ਲੈਸ ਕਰਨ ਲਈ ਸਰਕਾਰ ਹਮੇਸ਼ਾ ਯਤਨਸ਼ੀਲ ਰਹੇਗੀ।
ਡੈਪੂਟੇਸ਼ਨ ਵਾਲੀਆਂ ਪੋਸਟਾਂ ਹੋਣਗੀਆਂ ਪੱਕੀਆਂ
ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਵੱਲੋਂ ਦਿੱਤੇ ਮੰਗ ਪੱਤਰ 'ਤੇ ਗੌਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਡੈਪੂਟੇਸ਼ਨ 'ਤੇ ਕਈ ਥਾਵਾਂ 'ਤੇ ਸਟਾਫ ਲਾਇਆ ਗਿਆ ਹੈ, ਜਿਨ੍ਹਾਂ ਹਸਪਤਾਲਾਂ ਵਿਚ ਜ਼ਰੂਰਤ ਹੋਵੇਗੀ ਉਨ੍ਹਾਂ ਵਿਚ ਜਲਦ ਡੈਪੂਟੇਸ਼ਨ ਵਾਲੇ ਸਟਾਫ ਦੀਆਂ ਪੱਕੀਆਂ ਪੋਸਟਾਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮੰਤਰੀ ਵੱਲੋਂ ਸਿਵਲ ਹਸਪਤਾਲ 'ਚ ਸਟਾਫ ਦੀ ਘਾਟ ਨੂੰ ਜਲਦ ਪੂਰਾ ਕਰਨ ਲਈ ਵੀ ਭਰੋਸਾ ਦਿੱਤਾ ਗਿਆ।


Related News