ਖੁਦ ''ਬੀਮਾਰ'' ਪਿਐ ਸਰਕਾਰੀ ਹਸਪਤਾਲ

04/18/2018 7:20:02 AM

ਸ਼ੇਰਪੁਰ(ਅਨੀਸ਼)— ਇਕ ਪਾਸੇ ਤਾਂ ਸਰਕਾਰਾਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀਆਂ ਹਨ ਅਤੇ ਦੂਜੇ ਪਾਸੇ ਇਨ੍ਹਾਂ ਦਾਅਵਿਆਂ ਦੀ ਪੋਲ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿਚ ਖੁੱਲ੍ਹਦੀ ਨਜ਼ਰ ਆ ਰਹੀ ਹੈ ਕਿਉਂਕਿ 38 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਇਹ ਹਸਪਤਾਲ ਇਲਾਕੇ ਦੇ ਲੋਕਾਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ।ਜ਼ਿਕਰਯੋਗ ਹੈ ਕਿ ਸਾਲ 2008 ਵਿਚ ਅਕਾਲੀ-ਭਾਜਪਾ ਸਰਕਾਰ ਨੇ ਸ਼ੇਰਪੁਰ ਦੇ ਹਸਪਤਾਲ ਨੂੰ ਪ੍ਰਾਇਮਰੀ ਹੈਲਥ ਸੈਂਟਰ ਤੋਂ ਅਪਗ੍ਰੇਡ ਕਰ ਕੇ ਕਮਿਊਨਿਟੀ ਹੈਲਥ ਸੈਂਟਰ ਕਰ ਦਿੱਤਾ ਸੀ ਅਤੇ 5.25 ਕਰੋੜ ਰੁਪਏ ਦੀ ਲਾਗਤ ਨਾਲ ਆਲੀਸ਼ਾਨ ਇਮਾਰਤ ਉਸਾਰੀ ਗਈ ਸੀ। ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਸਿਆਸੀ ਲਾਹਾ ਲੈਣ ਲਈ ਇਸ ਅੱਧ-ਅਧੂਰੇ ਹਸਪਤਾਲ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਤੋਂ ਕਰਵਾ ਦਿੱਤਾ ਪਰ ਲੋਕਾਂ ਨੂੰ ਸਿਹਤ ਸਹੂਲਤਾਂ ਤਾਂ ਕੀ ਮਿਲਣੀਆਂ ਸਨ ਸਗੋਂ ਖੱਜਲ-ਖੁਆਰੀ ਵਧ ਗਈ। ਇੱਥੋ ਤੱਕ ਕਿ ਹਸਪਤਾਲ ਵਿਚ ਐਮਰਜੈਂਸੀ ਸਹੂਲਤਾਂ ਵੀ ਬਿਲਕੁਲ ਬੰਦ ਹਨ, ਜਿਸ ਕਾਰਨ ਲੋਕਾਂ ਨੂੰ ਧੂਰੀ ਬਰਨਾਲਾ ਜਾਂ ਪ੍ਰਾਈਵੇਟ ਹਸਪਤਾਲਾਂ 'ਚੋਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ । 
ਦਰਜਨਾਂ ਅਸਾਮੀਆਂ ਖਾਲੀ
ਹਸਪਤਾਲ ਵਿਚ ਗਾਇਨੀ, ਆਰਥੋ, ਈ. ਐੱਨ. ਟੀ., ਬੱਚਿਆਂ ਦੇ ਮਾਹਰ, ਅੱਖਾਂ ਦੇ ਮਾਹਰ, ਚਮੜੀ ਦੇ ਮਾਹਰ ਡਾਕਟਰਾਂ, ਨਰਸਾਂ, ਫਾਰਮਾਸਿਸਟਾਂ, ਲੈਬੋਰਟਰੀ ਕਰਮਚਾਰੀਆਂ ਸਣੇ ਦਰਜਨਾਂ ਅਸਾਮੀਆਂ ਖਾਲੀ ਪਈਆਂ ਹਨ । ਮਰੀਜ਼ਾਂ ਦੇ ਬੈਠਣ ਲਈ ਬੈਂਚਾਂ ਦਾ ਪਬ੍ਰੰਧ ਨਹੀਂ। ਸ਼ਾਨਦਾਰ ਇਮਾਰਤ ਦੇ ਬਾਵਜੂਦ ਸਿਹਤ ਵਿਭਾਗ ਲੋਕ ਨਿਰਮਾਣ ਵਿਭਾਗ ਤੋਂ ਇਸ ਦੀ ਸੁਪਰਦਗੀ ਨਹੀਂ ਲੈ ਰਿਹਾ ਕਿਉਂਕਿ ਐਕਸਰੇ ਰੂਮ ਅਤੇ ਕੁਝ ਹੋਰ ਕੰਮਾਂ ਨੂੰ ਅਧੂਰਾ ਮੰਨਿਆ ਜਾ ਰਿਹਾ ਹੈ । 
ਐੈੱਸ. ਐੈੱਮ. ਓ. ਦੀ ਹੋ ਗਈ ਬਦਲੀ 
ਸਰਕਾਰੀ ਹਸਪਤਾਲ ਵਿਚ ਐੱਸ. ਐੱਮ. ਓ. ਦੀ ਅਸਾਮੀ ਵੀ ਖਾਲੀ ਹੋ ਗਈ ਹੈ ਕਿਉਂਕਿ ਪਿਛਲੇ ਦਿਨੀਂ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਬਦਲੀਆਂ ਸਮੇਂ ਐੈੱਸ. ਐੈੱਮ. ਓ. ਵਜੋਂ ਤਾਇਨਾਤ ਡਾ. ਗੀਤਾ ਦੀ ਬਦਲੀ ਉੁਨ੍ਹਾਂ ਦੇ ਆਪਣੇ ਸ਼ਹਿਰ ਲੁਧਿਆਣਾ ਵਿਖੇ ਕਰ ਦਿੱਤੀ ਗਈ । 
ਜੱਦੋ-ਜਹਿਦ ਤੋਂ ਬਾਅਦ ਸ਼ੁਰੂ ਹੋਇਆ ਸੀ ਕੰਮ 
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ਦਾ ਕੰਮ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ, ਇਸ ਸਬੰਧੀ ਰਾਸ਼ਟਰਵਾਦੀ ਹਿੰਦੂ ਬੱਬਰ ਦਲ ਦੇ ਆਗੂ ਸੁਸ਼ੀਲ ਗੋਇਲ, ਜਨ ਸਹਾਰਾ ਕਲੱਬ ਦੇ ਆਗੂ ਚੇਤਨ ਗੋਇਲ, ਪਬਲਿਕ ਹੈਲਪਲਾਈਨ ਦੇ ਆਗੂ ਐਡਵੋਕੇਟ ਨਵਲਜੀਤ ਗਰਗ, ਐਡਵੋਕੇਟ ਸੋਨੀ ਗਰਗ, ਸਰਪੰਚ ਜਸਮੇਲ ਸਿੰਘ ਬੜੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਐਮਰਜੈਂਸੀ ਸਹੂਲਤ ਚਾਲੂ ਕੀਤੀ ਜਾਵੇ ਨਹੀਂ ਤਾਂ ਉਹ ਮੁੜ ਸੰਘਰਸ਼ ਕਰਨ ਲਈ ਮਜਬੂਰ ਹੋਣਗੇ । 
ਕੀ ਕਹਿੰਦੇ ਨੇ ਸਿਵਲ ਸਰਜਨ
ਜਦੋਂ ਇਸ ਸਬੰਧੀ ਸਿਵਲ ਸਰਜਨ ਸੰਗਰੂਰ ਡਾ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ੇਰਪੁਰ ਦੇ ਹਸਪਤਾਲ ਦੀਆਂ ਸਮੱਸਿਆਵਾਂ ਸਬੰਧੀ ਉਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪਹਿਲਾਂ ਵੀ ਪੱਤਰ ਲਿਖੇ ਜਾ ਚੁੱਕੇ ਹਨ , ਜਿੱਥੋ ਤੱਕ ਹਸਪਤਾਲ ਦੀ ਸੁਪਰਦਗੀ ਦਾ ਸਵਾਲ ਹੈ ਲੋਕ ਨਿਰਮਾਣ ਵਿਭਾਗ ਵੱਲੋਂ ਕੁਝ ਘਾਟਾਂ ਹਨ ਅਤੇ ਘਾਟਾਂ ਪੂਰੀਆਂ ਹੋਣ 'ਤੇ ਸੁਪਰਦਗੀ ਲੈ ਲਈ ਜਾਵੇਗੀ । 
ਦਿਨੇ ਜਗਦੀਆਂ ਨੇ ਲਾਈਟਾਂ 
ਹਸਪਤਾਲ ਦੇ ਕਰਮਚਾਰੀਆਂ ਦੀ ਅਣਗਿਹਲੀ ਦਾ ਪਤਾ ਇੱਥੋ ਵੀ ਲੱਗ ਜਾਂਦਾ ਹੈ ਕਿ ਇੱਥੇ ਦਿਨ ਸਮੇਂ ਵੀ ਸਟਰੀਟ ਲਾਈਟਾਂ ਜਗਦੀਆਂ ਦਿਖਾਈ ਦਿੰਦੀਆਂ ਹਨ ਅਤੇ ਹਸਪਤਾਲ ਦੇ ਵਿਹੜੇ ਨੂੰ ਆਮ ਲੋਕ ਪਾਰਕਿੰਗ ਵਜੋਂ ਵਰਤ ਰਹੇ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਗੇਟ ਅੱਗੇ ਲੱਗੇ ਗੰਦਗੀ ਦੇ ਢੇਰ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ, ਜਿਸ ਕਾਰਨ ਸਵੱਛ ਭਾਰਤ ਮੁਹਿੰਮ ਦੀ ਫੂਕ ਵੀ ਨਿਕਲਦੀ ਨਜ਼ਰ ਆਉਂਦੀ ਹੈ ਕਿਉਂਕਿ ਲੋਕਾਂ ਨੂੰ ਬੀਮਾਰੀਆਂ ਤੋਂ ਦੂਰ ਕਰਨ ਵਾਲਾ ਹਸਪਤਾਲ ਗੰਦਗੀ ਕਾਰਨ ਬੀਮਾਰੀਆਂ ਵੰਡ ਰਿਹਾ ਹੈ । 


Related News