ਨੰਬਰ ਵਧਾਉਣ ਲਈ ਹੁਣ ''ਜ਼ਬਰਦਸਤੀ'' ਹੋਣਗੇ ਸਰਕਾਰੀ ਮੁਲਾਜ਼ਮਾਂ ਦੇ ''ਕੋਰੋਨਾ'' ਟੈਸਟ

Monday, Aug 24, 2020 - 01:59 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਿਚ ਬਹੁਤ ਜ਼ਿਆਦਾ ਵਾਧਾ ਹੁੰਦਾ ਜਾ ਰਿਹਾ ਹੈ। ਸਥਿਤੀ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੁਬਾਰਾ ਪੂਰੇ ਸੂਬੇ ਵਿਚ ਪਾਬੰਦੀਆਂ ਲਾਉਣ ਦਾ ਹੁਕਮ ਜਾਰੀ ਕਰਨਾ ਪਿਆ। ਮੁੱਖ ਮੰਤਰੀ ਵਲੋਂ ਆਪਣੇ ਸੋਸ਼ਲ ਮੀਡੀਆ ਲਾਈਵ ਪ੍ਰੋਗਰਾਮ 'ਚ ਵਾਰ-ਵਾਰ ਲੋਕਾਂ ਨੂੰ ਲੱਛਣ ਦਿਸਣ 'ਤੇ ਟੈਸਟ ਕਰਾਉਣ ਦੀ ਅਪੀਲ ਕੀਤੀ ਗਈ, ਜਿਸ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਫੀ ਗੰਭੀਰਤਾ ਨਾਲ ਲੈ ਲਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਧਿਕਾਰਤ ਤੌਰ 'ਤੇ ਹੁਕਮ ਜਾਰੀ ਕਰਕੇ ਸਾਰੇ ਮਹਿਕਮਿਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਆਪਣੇ-ਆਪਣੇ ਮਹਿਕਮੇ 'ਚ ਤਾਇਨਾਤ ਮੁਲਾਜ਼ਮਾਂ ਨੂੰ ਟੈਸਟ ਕਰਾਉਣ ਲਈ ਹਸਪਤਾਲ ਵਿਚ ਭੇਜਣ। ਮੁਲਾਜ਼ਮ ਨੇਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਨਿਰਦੇਸ਼ ਬੇਤੁਕਾ ਹੈ ਅਤੇ ਲੱਗਦਾ ਹੈ ਕਿ ਸਿਰਫ ਨੰਬਰ ਵਧਾਉਣ ਦੇ ਚੱਕਰ ਵਿਚ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੁਖ਼ਦ ਖਬਰ : ਪਟਿਆਲਾ ਦੇ ਨੌਜਵਾਨ ਪੱਤਰਕਾਰ ਦੀ 'ਕੋਰੋਨਾ' ਕਾਰਨ ਮੌਤ

ਟੈਸਟ ਮਰੀਜ਼ਾਂ ਲਈ ਜ਼ਰੂਰੀ ਜਾਂ ਅਧਿਕਾਰੀਆਂ-ਮੁਲਾਜ਼ਮਾਂ ਲਈ?
ਸ੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਵਲੋਂ ਜਾਰੀ ਨਿਰਦੇਸ਼ਾਂ ਵਿਚ ਵੱਖ-ਵੱਖ ਮਹਿਕਮਿਆਂ ਦੇ 310 ਮੁਲਾਜ਼ਮਾਂ ਨੂੰ ਰੋਜ਼ਾਨਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਣ ਲਈ ਕਿਹਾ ਗਿਆ ਹੈ। ਇੱਥੇ ਟਰੂਨਾਟ ਅਤੇ ਐਂਟੀਜਨ ਦੀ ਟੈਸਟਿੰਗ ਹੋ ਸਕਦੀ ਹੈ, ਜਦੋਂਕਿ ਆਰ. ਟੀ. ਪੀ. ਸੀ. ਆਰ. ਲਈ ਸੈਂਪਲ ਫਰੀਦਕੋਟ ਭੇਜਣੇ ਹੋਣਗੇ। ਇਹ ਨਿਰਦੇਸ਼ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਪੰਜਾਬ ਵਿਚ ਲਗਾਤਾਰ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਪੰਜਾਬ ਦੀ ਟੈਸਟਿੰਗ ਸਮਰੱਥਾ 15000 ਰੋਜ਼ਾਨਾ ਹੈ। ਅਜਿਹੇ 'ਚ ਜੇਕਰ ਸ੍ਰੀ ਮੁਕਤਸਰ ਸਾਹਿਬ ਦੀ ਹੀ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੇ ਵੀ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਾਉਣੇ ਲਾਜ਼ਮੀ ਕਰ ਦਿੱਤੇ ਤਾਂ ਲਗਭਗ 7,000 ਟੈਸਟ ਮਤਲਬ ਅੱਧੀ ਸਮਰੱਥਾ ਤਾਂ ਇਨ੍ਹਾਂ 'ਤੇ ਲਾਉਣੀ ਪੈ ਜਾਵੇਗੀ।

ਇਹ ਵੀ ਪੜ੍ਹੋ : ਸ਼ਰਾਬ ਦੀ ਵਿਕਰੀ ਨੂੰ ਲੈ ਕੇ ਵੀ. ਆਈ. ਪੀ. ਟ੍ਰੀਟਮੈਂਟ ਤੋਂ ਆਮ ਜਨਤਾ ਨਾਰਾਜ਼

ਮੁਲਾਜ਼ਮਾਂ ਨਾਲ ਧੱਕਾ ਹੋਇਆ ਤਾਂ ਅਸੀਂ ਦੇਵਾਂਗੇ ਜਵਾਬ
ਇਸ ਮਾਮਲੇ ਵਿਚ ਪੰਜਾਬ ਸਕੱਤਰੇਤ ਮੁਲਾਜ਼ਮ ਸੰਗਠਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਇਹ ਨਿਰਦੇਸ਼ ਬੇਤੁਕਾ ਹੈ ਕਿਉਂਕਿ ਜਿਸ ਕਿਸੇ ਨੂੰ ਲੱਛਣ ਹੋਣ, ਉਸ ਨੂੰ ਹੀ ਟੈਸਟ ਕਰਾਉਣਾ ਚਾਹੀਦਾ ਹੈ। ਜਿਸ ਨੂੰ ਕੋਈ ਮੁਸ਼ਕਿਲ ਨਹੀਂ ਹੈ, ਉਸਦਾ ਟੈਸਟ ਕਰਾਉਣ ਲਈ ਜ਼ਬਰਦਸਤੀ ਕਰਨਾ ਠੀਕ ਨਹੀਂ ਹੈ। ਜੇਕਰ ਇਸ ਬੇਤੁਕੇ ਨਿਰਦੇਸ਼ ਕਾਰਨ ਕਿਸੇ ਮੁਲਾਜ਼ਮ ਨਾਲ ਜ਼ਿਲਾ ਪ੍ਰਸ਼ਾਸਨ ਵਲੋਂ ਧੱਕਾ ਕੀਤਾ ਗਿਆ ਤਾਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਐਕਸ਼ਨ ਲੈਣਗੀਆਂ ਅਤੇ ਧੱਕੇਸ਼ਾਹੀ ਦਾ ਪੂਰਾ ਜਵਾਬ ਦਿੱਤਾ ਜਾਵੇਗਾ।


Anuradha

Content Editor

Related News