ਇਸ ਸਕੂਲ ''ਚ ਕੋਈ ਟੀਚਰ ਨਹੀਂ, ਮਿਡ-ਡੇ-ਮੀਲ ਵਰਕਰ ਪੜ੍ਹਾ ਰਹੀ ਬੱਚੇ

Sunday, Dec 24, 2017 - 03:54 PM (IST)

ਇਸ ਸਕੂਲ ''ਚ ਕੋਈ ਟੀਚਰ ਨਹੀਂ, ਮਿਡ-ਡੇ-ਮੀਲ ਵਰਕਰ ਪੜ੍ਹਾ ਰਹੀ ਬੱਚੇ

ਨਡਾਲਾ(ਸ਼ਰਮਾ)— ਇਸ ਸਮੇਂ ਸਿੱਖਿਆ ਵਿਭਾਗ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਹੈ। ਮਾੜੀਆਂ ਸਰਕਾਰਾਂ ਕਾਰਨ ਪੂਰੀ ਤਰ੍ਹਾਂ ਦੀਵਾਲਾ ਨਿਕਲ ਗਿਆ ਹੈ। ਕਿਸੇ ਨਿਯਮਤ ਢੰਗ ਨਾਲ ਨਵੀਂ ਭਰਤੀ ਨਹੀਂ ਹੋ ਰਹੀ, ਸਿੱਖਿਆ ਜਿਹੀ ਬੁਨਿਆਦੀ ਲੋੜ ਨੂੰ ਸੰਭਾਲਣ ਲਈ ਸਕੂਲ ਅਪਗ੍ਰੇਡ ਕਰਨ ਦੀ ਥਾਂ ਬੰਦ ਕੀਤੇ ਜਾ ਰਹੇ ਹਨ। ਪਿੰਡ ਟਾਂਡੀ ਦਾਖਲੀ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਪਿਛਲੇ ਕਾਫੀ ਸਮੇਂ ਤੋਂ ਕੋਈ ਟੀਚਰ ਨਹੀਂ ਹੈ, ਸਕੂਲ 'ਚ ਪੜ੍ਹਦੇ 12 ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਵਰਕਰ ਹੀ ਸੰਭਾਲਦੀ ਹੈ।
ਇਸ ਸਬੰਧੀ ਸਿੱਖਿਆ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਅਦ ਪਿਛਲੇ ਦੋ ਹਫਤਿਆਂ 'ਚ ਦੋ ਦਿਨ ਹੀ ਟੀਚਰ ਆਇਆ। ਬੀ. ਈ. ਈ. ਓ. ਭੁਲੱਥ ਬਲਵਿੰਦਰ ਸਿੰਘ ਨੂੰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਕੋਈ ਹੱਲ ਨਹੀਂ ਹੋਇਆ। ਇਸ ਵੇਲੇ ਵਿਦਿਆਰਥੀਆਂ ਦੇ ਪੇਪਰ ਨੇੜੇ ਆ ਰਹੇ ਹਨ ਪਰ ਕੁੰਭਕਰਨੀ ਨੀਂਦ ਸੁੱਤੇ ਸਿੱਖਿਆ ਵਿਭਾਗ ਨੂੰ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ। ਨਵੇਂ ਬੱਚਿਆਂ ਦੇ ਦਾਖਲੇ ਹੋਣ ਵਾਲੇ ਹਨ, ਅਜਿਹੀ ਹਾਲਤ 'ਚ ਲੋਕ ਆਪਣੇ ਬੱਚਿਆਂ ਨੂੰ ਕਿਥੇ ਦਾਖਲ ਕਰਵਾਉਣ। ਨਗਰ ਨਿਵਾਸੀਆਂ ਸਾਬਕਾ ਸਰਪੰਚ ਡਾ. ਜਰਨੈਲ ਸਿੰਘ, ਤਾਰਾ ਸਿੰਘ ਪੰਚ ਮਲਕੀਤ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ ਤੇ ਹੋਰਨਾਂ ਨੇ ਡੀ. ਸੀ. ਕਪੂਰਥਲਾ, ਜ਼ਿਲਾ ਸਿੱਖਿਆ ਅਫਸਰ (ਐਲੀ.) ਕਪੂਰਥਲਾ ਪਾਸੋਂ ਮੰਗ ਕੀਤੀ ਕਿ ਸਕੂਲ 'ਚ ਪੱਕੇ ਤੌਰ 'ਤੇ ਟੀਚਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋਣ ਤੋਂ ਬਚ ਸਕੇ। ਇਸ ਸੰਬੰਧੀ ਬੀ. ਈ. ਈ. ਓ. ਭੁਲੱਥ ਦਾ ਫੋਨ ਬੰਦ ਹੋਣ ਕਰਕੇ ਗੱਲ ਨਹੀਂ ਹੋ ਸਕੀ।


Related News