ਗੰਨੇ ਦਾ ਰੇਟ 400 ਰੁਪਏ ਪ੍ਰਤੀ ਕੁਇੰਟਲ ਐਲਾਨੇ ਸਰਕਾਰ : ਸੰਘਰਸ਼ ਕਮੇਟੀ
Friday, Sep 08, 2017 - 05:19 AM (IST)
ਗੜ੍ਹਦੀਵਾਲਾ, (ਜਤਿੰਦਰ)- ਗੰਨਾ ਸੰਘਰਸ਼ ਕਮੇਟੀ ਰੰਧਾਵਾ ਦੀ ਇਕ ਮੀਟਿੰਗ ਸੁੱਖਪਾਲ ਸਿੰਘ ਡੱਫਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਹੀਰਾਹਰ, ਗਗਨਪ੍ਰੀਤ ਸਿੰਘ ਮੋਹਾਂ ਅਤੇ ਗੁਰਮੇਲ ਸਿੰਘ ਬੁੱਢੀ ਪਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੰਨੇ ਦਾ ਭਾਅ ਵਧਾਉਣ ਅਤੇ ਕਿਸਾਨਾਂ ਦੀਆਂ ਹੋਰਨਾਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਇਸ ਦੇ ਬਾਅਦ ਐੱਸ. ਡੀ. ਐੱਮ. ਦਸੂਹਾ ਡਾ. ਹਿਮਾਂਸ਼ੂ ਅਗਰਵਾਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਗੰਨਾ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਸੀ. ਓ. ਜੇ. 0238 ਗੰਨਾ ਕਿਸਮ ਨੂੰ ਪੱਕੇ ਤੌਰ 'ਤੇ ਅਗੇਤੀ ਕਿਸਮ ਹਮੇਸ਼ਾ ਲਈ ਐਲਾਨਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਉਸ ਦਾ ਪੂਰਾ ਰੇਟ ਮਿਲ ਸਕੇ। ਇਸ ਦੀ 95 ਫੀਸਦੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਰੇਟ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 400 ਰੁਪਏ ਪ੍ਰਤੀ ਕੁਇੰਟਨ ਐਲਾਨਿਆ ਜਾਵੇ ਤਾਂ ਜੋ ਕਿਸਾਨੀ ਖਰਚੇ ਨੂੰ ਪੂਰਾ ਕੀਤਾ ਜਾ ਸਕੇ। ਗੰਨੇ ਦੀ ਭਰਪੂਰ ਫਸਲ ਨੂੰ ਦੇਖਦੇ ਹੋਏ ਮਿੱਲ ਨੂੰ 1 ਨਵੰਬਰ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਵੱਲੋਂ ਸਮੇਂ ਸਿਰ ਗੰਨੇ ਦੀ ਫਸਲ ਨੂੰ ਸਾਂਭ ਲਿਆ ਜਾਵੇ। ਮਿੱਲ ਨੂੰ ਕੈਲੰਡਰ ਅਨੁਸਾਰ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ ਜਾਵੇ ਤੇ ਮਿੱਲ ਏਰੀਏ ਵਿਚ ਪੈਂਦੀ ਗੰਨੇ ਦੀ ਫਸਲ ਨੂੰ ਪਹਿਲ ਦੇ ਆਧਾਰ 'ਤੇ ਚੁੱਕਿਆ ਜਾਵੇ। ਜੇਕਰ ਮਿੱਲ ਨੂੰ ਬਾਹਰਲੇ ਗੰਨੇ ਦੀ ਜ਼ਰੂਰਤ ਹੋਵੇ ਤਾਂ ਉਨ੍ਹਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਪਰਚੀਆਂ 'ਤੇ ਪੂਰਾ ਨਾਮ ਅਤੇ ਪਤਾ ਲਿਖਿਆ ਜਾਵੇ, ਨਾ ਕਿ ਡਵੀਜ਼ਨ ਲਿਖਿਆ ਜਾਵੇ। ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।
ਇਸ ਮੌਕੇ ਮਨੀ ਭਾਨਾ, ਸਤਨਾਮ ਸਿੰਘ, ਦਲਵੀਰ ਸਿੰਘ ਮੋਹਾਂ, ਹਰਵਿੰਦਰ ਸਿੰਘ ਜੌਹਲ, ਸਤਪਾਲ ਸਿੰਘ ਹੀਰਾਹਰ, ਜਸਵਿੰਦਰ ਸਿੰਘ ਡੱਫਰ, ਮਨਜੀਤ ਸਿੰਘ ਮੱਲੇਵਾਲ, ਕਸ਼ਮੀਰ ਸਿੰਘ ਦਵਾਖਰੀ, ਪੰਮਾ ਬੁੱਢੀ ਪਿੰਡ, ਸੁਖਦੇਵ ਸਿੰਘ ਮਾਂਗਾ, ਤਰਸੇਮ ਸਿੰਘ ਅਰਗੋਵਾਲ, ਅਵਤਾਰ ਸਿੰਘ ਮਾਨਗੜ੍ਹ, ਗੁਰਦੀਪ ਸਿੰਘ ਭਾਨਾ ਆਦਿ ਹਾਜ਼ਰ ਸਨ। ਇਸ ਦੇ ਇਲਾਵਾ ਗੰਨਾ ਸੰਘਰਸ਼ ਕਮੇਟੀ ਵੱਲੋਂ ਇਕ ਮੰਗ ਪੱਤਰ ਮਿੱਲ ਮੈਨੇਜਮੈਂਟ ਨੂੰ ਵੀ ਭੇਟ ਕੀਤਾ ਗਿਆ।
