ਸਰਕਾਰ ਦਲਿਤਾਂ ਨੂੰ ਸਿੱਖਿਆ ਤੋਂ ਦੂਰ ਰੱਖਣਾ ਚਾਹੁੰਦੀ ਹੈ : ਰਾਵਣ
Friday, Aug 11, 2017 - 10:08 AM (IST)

ਜਲੰਧਰ(ਬੁਲੰਦ)— ਲੜਕੀਆਂ ਦਾ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਅੰਬੇਡਕਰ ਚੌਕ 'ਚ ਪਿਛਲੇ 100 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੀਆਂ ਵਿਦਿਆਰਥਣਾਂ ਨੂੰ ਮਿਲਣ ਪਹੁੰਚੇ ਆਦਿ ਧਰਮ ਸਮਾਜ (ਆਧਸ) ਦੇ ਧਰਮ ਗੁਰੂ ਦਰਸ਼ਨ ਰਤਨ ਰਾਵਣ ਨੇ ਕਿਹਾ ਕਿ ਚਾਹੇ ਕੋਈ ਵੀ ਸਿਆਸੀ ਪਾਰਟੀ ਹੋਵੇ ਜਾਂ ਕਿਸੇ ਦੀ ਵੀ ਸਰਕਾਰ ਹੋਵੇ, ਹਰ ਕੋਈ ਦਲਿਤ ਸਮਾਜ ਨੂੰ ਸਿੱਖਿਆ ਤੋਂ ਦੂਰ ਹੀ ਰੱਖਣਾ ਚਾਹੁੰਦਾ ਹੈ। ਇਸ ਮੌਕੇ ਬੋਲਦੇ ਹੋਏ ਰਾਵਣ ਨੇ ਕਿਹਾ ਕਿ ਦਲਿਤ ਸਮਾਜ ਜੇਕਰ ਸਿੱਖਿਅਤ ਹੋਵੇਗਾ ਤਾਂ ਸਮਾਜ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਵੇਗਾ ਜੋ ਕਿ ਸਰਕਾਰਾਂ ਨਹੀਂ ਚਾਹੁੰਦੀਆਂ।
ਉਨ੍ਹਾਂ ਕਿਹਾ ਕਿ ਸਮਾਜ 'ਚ ਚੰਗੀ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇੱਥੇ ਤਾਂ ਵਿਦਿਆਰਥਣਾਂ ਨੂੰ ਇਕ ਕਾਲਜ ਖੁੱਲ੍ਹਵਾਉਣ ਲਈ 100-100 ਦਿਨ ਭੁੱਖ ਹੜਤਾਲ ਕਰਨੀ ਪੈ ਰਹੀ ਹੈ, ਜੋ ਕਿ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਲਦ ਹੀ ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਨੂੰ ਨਾ ਰੋਕਿਆ ਗਿਆ ਤੇ ਲੜਕੀਆਂ ਲਈ ਕਾਲਜ ਦਾ ਨਿਰਮਾਣ ਨਾ ਕਰਵਾਇਆ ਗਿਆ ਤਾਂ ਸਾਰਾ ਦਲਿਤ ਸਮਾਜ ਸੜਕਾਂ 'ਤੇ ਵਿਰੋਧ 'ਚ ਉੱਤਰ ਆਵੇਗਾ,ਜੋ ਸੰਘਰਸ਼ ਹੋਵੇਗਾ ਉਸ ਲਈ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਕਸ਼ਰਾ ਜੋਤੀ ਮਾਨ, ਵੰਦਨਾ ਤੇ ਸੰਮਤੀ ਦੇ ਸਾਰੇ ਮੈਂਬਰ ਵੀ ਮੌਜੂਦ ਸਨ।