ਪੰਜਾਬ ਵਾਸੀ ਦੇਣ ਧਿਆਨ, ਅੱਜ ਸੋਚ-ਸਮਝ ਕੇ ਨਿਕਲਣ ਘਰੋਂ, ਸਰਕਾਰੀ ਬੱਸਾਂ ਬਾਰੇ ਆਈ ਜ਼ਰੂਰੀ ਖ਼ਬਰ

Wednesday, Sep 20, 2023 - 01:41 PM (IST)

ਚੰਡੀਗੜ੍ਹ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਅੱਜ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਇਸ ਲਈ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕ ਸੋਚ-ਸਮਝ ਕੇ ਹੀ ਘਰੋਂ ਨਿਕਲਣ ਕਿਉਂਕਿ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪਨਬੱਸ, ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖ਼ੋਲ੍ਹਦੇ ਹੋਏ ਮੰਗਲਵਾਰ ਰਾਤ ਨੂੰ 12 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜੋ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰਹੇਗੀ। ਹੜਤਾਲ ਕਾਰਨ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਨਾਲ ਸਬੰਧਿਤ 3000 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ।

ਇਹ ਵੀ ਪੜ੍ਹੋ : ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ

ਦੂਜੇ ਪਾਸੇ ਵਿਭਾਗ ਦੇ ਪੱਕੇ ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ, ਜਿਸ ਤਹਿਤ ਪੰਜਾਬ ਭਰ 'ਚ 250 ਦੇ ਲਗਭਗ ਸਰਕਾਰੀ ਬੱਸਾਂ ਚੱਲਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਬੀਤੀ ਰਾਤ 12 ਵਜੇ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸਾਂ ਦੀ ਆਵਾਜਾਈ 'ਚ ਭਾਰੀ ਗਿਰਾਵਟ ਆ ਗਈ ਕਿਉਂਕਿ ਠੇਕਾ ਕਰਮਚਾਰੀਆਂ ਵੱਲੋਂ ਸ਼ਾਮ ਤੋਂ ਬਾਅਦ ਲੰਮੇ ਰੂਟਾਂ ਲਈ ਆਵਾਜਾਈ ਰੋਕ ਦਿੱਤੀ ਗਈ। ਇਸ ਕਾਰਨ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਆਦਿ ਜਾਣ ਵਾਲੇ ਯਾਤਰੀਆਂ ਨੂੰ ਮੁੱਖ ਤੌਰ ’ਤੇ ਪਰੇਸ਼ਾਨੀਆਂ ਪੇਸ਼ ਆਈਆਂ। ਦੂਜੇ ਪਾਸੇ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਦੀ ਚਾਂਦੀ ਰਹੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚੋਂ ਮਿਲੀ ਔਰਤ ਦੀ ਲਾਸ਼, ਸੇਵਾਦਾਰਾਂ ਨੇ ਕੱਢੀ ਬਾਹਰ

ਦਿੱਲੀ ਆਦਿ ਰੂਟਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਹਰਿਆਣਾ ਰੋਡਵੇਜ਼ ਅਤੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ’ਤੇ ਨਿਰਭਰ ਹੋਣਾ ਪਿਆ। ਕਾਊਂਟਰਾਂ ’ਤੇ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਹੋਈ। ਦਿੱਲੀ ਵਰਗੇ ਰੂਟਾਂ ’ਤੇ ਲੰਬੀ ਉਡੀਕ ਕਰਨ ਉਪਰੰਤ ਯਾਤਰੀ ਮੰਜ਼ਿਲ ਵੱਲ ਰਵਾਨਾ ਹੋ ਸਕੇ। ਪੈਂਡਿੰਗ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ’ਤੇ ਉੱਤਰੀ ਪਨਬੱਸ-ਪੀ.ਆਰ. ਟੀ. ਸੀ. ਯੂਨੀਅਨ ਦੇ ਵਫ਼ਦ ਦੀ ਟਰਾਂਸਪੋਰਟ ਮੰਤਰੀ ਨਾਲ ਬੁੱਧਵਾਰ ਦੁਪਹਿਰ ਸਮੇਂ ਮੀਟਿੰਗ ਰੱਖੀ ਗਈ ਹੈ। ਯੂਨੀਅਨ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹੜਤਾਲ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕਿ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ। ਯੂਨੀਅਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੀਰਵਾਰ ਨੂੰ ਚੰਡੀਗੜ੍ਹ ਵਿਚ ਰੋਸ ਰੈਲੀ ਕਰਦੇ ਹੋਏ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


Babita

Content Editor

Related News