ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਯੂਨੀਅਨ ਵੱਲੋਂ ਹੜਤਾਲ ਦਾ ਐਲਾਨ
Sunday, May 01, 2022 - 10:42 AM (IST)
ਲੁਧਿਆਣਾ (ਜ. ਬ.) : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਹੜਤਾਲ ਦਾ ਫ਼ੈਸਲਾ ਲਿਆ ਗਿਆ ਹੈ। ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਰੇਸ਼ਮ ਸਿੰਘ ਗਿੱਲ ਸੂਬਾ ਪ੍ਰਧਾਨ ਦੀ ਅਗਵਾਈ 'ਚ ਲੁਧਿਆਣਾ ਬੱਸ ਅੱਡੇ ਵਿਖੇ ਹੋਈ, ਜਿਸ ਵਿਚ ਪੂਰੇ ਪੰਜਾਬ ਤੋਂ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਡਿਪੂਆਂ ਦੇ ਅਹੁਦੇਦਾਰ ਸ਼ਾਮਲ ਹੋਏ।
ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਨੂੰ ਅਦਾਲਤ ਵੱਲੋਂ ਸੰਮਨ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਰੇਸ਼ਮ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਹਰਕੇਸ਼ ਵਿੱਕੀ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਸਰਕਾਰ ਤੱਕ ਮੁਲਾਜ਼ਮਾਂ ਦੀ ਆਵਾਜ਼ ਪਹੁੰਚਾਉਣ ਲਈ ਉਲੀਕੇ ਸੰਘਰਸ਼ ਦੀ ਤਿਆਰੀ ਕੀਤੀ ਗਈ ਹੈ। ਇਸ ਵਿਚ ਪਨਬੱਸ ਅਤੇ ਪੀ. ਆਰ. ਟੀ. ਸੀ. ਮੁਲਾਜ਼ਮ ਆਪਣੀਆਂ ਮੰਗਾਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਨਵੀਂ ਬਣੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਕਰ ਚੁੱਕੇ ਹਾਂ ਪਰ ਮੰਤਰੀ ਵੱਲੋਂ ਪਨਬੱਸ/ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਨੇ ਤੋੜਿਆ ਪਿਛਲੇ 50 ਸਾਲਾਂ ਦਾ ਰਿਕਾਰਡ, ਮੌਸਮ ਵਿਭਾਗ ਨੇ ਕੀਤਾ ਦਾਅਵਾ
ਇਸ ਤੋਂ ਲੱਗਦਾ ਹੈ ਕਿ ਨਵੀਂ ਬਣੀ ਸਰਕਾਰ ਵੀ ਪੁਰਾਣੀਆਂ ਸਰਕਾਰਾਂ ਦੇ ਰਸਤੇ ’ਤੇ ਚੱਲਦੀ ਹੋਈ ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਵਾਲੇ ਪਾਸੇ ਤੁਰ ਪਈ ਹੈ। ਉਨ੍ਹਾਂ ਕਿਹਾ ਸਾਡੀਆਂ ਮੰਗਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ, ਪਨਬੱਸ ਅਤੇ ਪੀ. ਆਰ. ਟੀ. ਸੀ. ਵਿਚ 10 ਹਜ਼ਾਰ ਨਵੀਆਂ ਬੱਸਾਂ ਪਵਾਉਣਾ ਆਦਿ ਹਨ। ਪ੍ਰਧਾਨ ਰੇਸ਼ਮ ਗਿੱਲ ਨੇ ਕਿਹਾ ਕਿ 10 ਮਈ ਨੂੰ ਸਮੂਹ ਪੰਜਾਬ ਦੇ ਡਿਪੂਆਂ ’ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 17 ਮਈ ਨੂੰ ਸੂਬਾ ਪੱਧਰ 'ਤੇ ਪ੍ਰੈੱਸ ਕਾਨਫਰੰਸ ਕਰਾਂਗੇ।
ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਪੇਂਟਰ ਦਾ ਸ਼ਰਮਨਾਕ ਕਾਰਾ, 3 ਸਾਲਾ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
24 ਮਈ ਨੂੰ ਸਾਰੇ ਪੰਜਾਬ ਦੇ ਪੀ. ਆਰ. ਟੀ. ਸੀ. ਅਤੇ ਪੰਜਾਬ ਰੋਡਵੇਜ਼ ਦੇ ਬੱਸ ਅੱਡੇ 2 ਘੰਟੇ ਲਈ ਬੰਦ ਕੀਤੇ ਜਾਣਗੇ ਅਤੇ 8, 9, 10 ਜੂਨ ਨੂੰ ਹੜਤਾਲ ਕਰ ਕੇ ਪਨਬੱਸ ਅਤੇ ਪੀ. ਆਰ. ਟੀ. ਸੀ. ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਜਾ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ, ਜਲੋਰ ਸਿੰਘ, ਗੁਰਪ੍ਰੀਤ ਪੰਨੂੰ, ਸਤਵਿੰਦਰ ਸਿੰਘ, ਪ੍ਰਦੀਪ ਕੁਮਾਰ, ਜਤਿੰਦਰ ਸਿੰਘ, ਦਲਜੀਤ ਸਿੰਘ ਆਦਿ ਆਗੂ ਹਾਜ਼ਰ ਹੋਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ