ਖਤਰਿਆਂ ਦਾ ਪਿਟਾਰਾ ਲੈ ਕੇ ਦੌਡ਼ ਰਹੀਆਂ ਰੋਡਵੇਜ਼/ਪਨਬੱਸ ਦੀਅਾਂ ਬੱਸਾਂ

07/14/2018 5:27:56 AM

ਲੁਧਿਆਣਾ(ਮੋਹਿਨੀ)-ਜੇਕਰ ਯਾਤਰੀ ਸਰਕਾਰੀ ਬੱਸਾਂ ਵਿਚ ਸਫਰ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਨਾਲ ਹੀ ਛੱਤਰੀ ਜ਼ਰੂਰ ਲੈ ਜਾਣ, ਕਿਉਂਕਿ ਰਸਤੇ ਵਿਚ ਬਾਰਿਸ਼ ਹੋਈ ਤਾਂ ਟਪਕਦੀ ਬੱਸ ਵਿਚ ਤੁਹਾਡੇ ਕੰਮ ਆਵੇਗੀ। ਕੁੱਝ ਬੱਸਾਂ ਵਿਚ ਤਾਂ ਹਾਲ ਹੋਰ ਵੀ ਬੁਰਾ ਹੈ, ਜਿੱਥੇ ਛੱਤਰੀ ਵੀ ਕੰਮ ਨਾ ਆਉਣ ਵਾਲੀ ਹੈ। ਇਨ੍ਹਾਂ ਬੱਸਾਂ ਵਿਚ ਛੱਤ ਚੋਣ ਦੇ ਨਾਲ ਹੀ ਖਿਡ਼ਕੀਆਂ  ’ਚੋਂ ਮੀਂਹ ਦਾ ਪਾਣੀ ਸੀਟ ’ਤੇ ਆਉਂਦਾ ਹੈ, ਜਿਸ ਤੋਂ ਚਾਹੁੰਦੇ ਹੋਏ ਵੀ ਬਚ ਸਕਣਾ ਸੰਭਵ ਨਹੀਂ ਹੈ। ਕੁੱਲ ਮਿਲਾ ਕੇ ਇਨ੍ਹਾਂ ਨੂੰ ਖਤਰਿਅਾਂ ਦਾ ਪਿਟਾਰਾ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਜਾਮ ਖਿਡ਼ਕੀਆਂ, ਟੁੱਟੇ ਸ਼ੀਸ਼ੇ
ਪੰਜਾਬ ’ਚ ਰੋਡਵੇਜ਼/ਪਨਬੱਸ ਦੀਆਂ ਬੱਸਾਂ ਦੀ ਗਿਣਤੀ 2,000 ਦੇ ਕਰੀਬ ਹੈ। ਇਨ੍ਹਾਂ ਵਿਚੋਂ ਨਵੀਅਾਂ ਪਨਬੱਸਾਂ ਅਤੇ ਏ. ਸੀ. ਬੱਸਾਂ ਨੂੰ ਛੱਡ  ਦਿੱਤਾ ਜਾਵੇ ਤਾਂ ਬਾਕੀ ਬੱਸਾਂ ਦਾ ਕਾਫੀ ਬੁਰਾ ਹਾਲ ਹੈ। ਜਨਰਲ ਬੱਸਾਂ ਦੇ ਨਟ-ਬੋਲਟ ਢਿੱਲੇ ਪੈ ਗਏ ਹਨ, ਜਿਸ ਰਾਹੀਂ ਮੀਂਹ ਦਾ ਪਾਣੀ ਬੱਸ ਦੇ ਅੰਦਰ ਚੋਂਦਾ ਹੈ। ਇਹੀ ਨਹੀਂ, ਬੱਸਾਂ ਵਿਚ ਲੱਗੀਆਂ ਖਿਡ਼ਕੀਆਂ ਦੇ ਸ਼ੀਸ਼ੇ ਟੁੱਟੇ ਹੋਣ ਕਾਰਨ ਯਾਤਰੀ ਚਾਹੁੰਦੇ ਹੋਏ ਵੀ ਸੀਟ ’ਤੇ ਨਹੀਂ ਬੈਠ ਸਕਦਾ। ਹੋਰ ਤਾਂ ਹੋਰ ਇਨ੍ਹਾਂ ਬੱਸਾਂ ਦੇ ਸ਼ੀਸ਼ੇ ਇੰਨੇ ਜਾਮ ਹੋ ਚੁੱਕੇ ਹਨ ਕਿ ਯਾਤਰੀ ਮੀਂਹ ਪੈਣ ’ਤੇ ਖਿਡ਼ਕੀ ਦੇ ਸ਼ੀਸ਼ੇ ਬੰਦ ਕਰਨਾ ਚਾਹੇ ਤਾਂ ਬੰਦ ਨਹੀਂ ਹੁੰਦੇ। 
ਜਦੋਂ ਕਿਰਾਇਆ ਪੂਰਾ ਤਾਂ ਸਹੂਲਤਾਂ ਅਧੂਰੀਆਂ ਕਿਉਂ?
ਲੁਧਿਆਣਾ ਤੋਂ  ਜਾਣ ਵਾਲੀ ਪਨਬੱਸ ਨੰ. ਪੀ ਬੀ 10 ਬੀ ਐਕਸ 5435 ਦੀ ਹਾਲਤ ਇੰਨੀ ਖਸਤਾ ਸੀ ਕਿ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਯਾਤਰੀਆਂ ਦਾ ਕਹਿਣਾ ਹੈ ਕਿ ਰੋਡਵੇਜ਼ ਵਿਭਾਗ ਤਾਂ ਟਿਕਟ ਦੇ ਪੈਸੇ ਪੂਰੇ ਲੈਂਦਾ ਹੈ ਅਤੇ ਸਹੂਲਤਾਂ ਨਾ ਮਾਤਰ ਹਨ। ਬੈਠਣ ਲਈ ਪਾਟੀਆਂ ਹੋਈਆਂ ਸੀਟਾਂ ਮਿਲਦੀਆਂ ਹਨ। ਟੁੱਟੇ ਹੋਏ ਹੈਂਡਲ, ਫਸਟਏਡ ਦੇ ਨਾਮ ਨਾਲ ਲੱਗੇ ਬਾਕਸ ਵੀ ਖਾਲੀ ਪਰ ਇਹ ਖਤਰਿਆਂ ਦੇ ਪਿਟਾਰੇ ਵਿਚ ਯਾਤਰੀਆਂ ਨੂੰ ਲੈ ਕੇ ਦੌਡ਼ ਰਹੀਅਾਂ ਰੋਡਵੇਜ਼/ਪਨਬੱਸ ਦੀਆਂ ਬੱਸਾਂ ਕਿਸੇ ਵੀ ਸਮੇਂ ਹਾਦਸੇ ਨੂੰ ਸੱਦਾ ਦੇ ਸਕਦੀਅਾਂ  ਹਨ ਪਰ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ ਜਦੋਂਕਿ ਮੋਟਰ ਵ੍ਹੀਕਲ ਐਕਟ ਤਹਿਤ ਇਨ੍ਹਾਂ ਬੱਸਾਂ ਦੀ ਜਾਂਚ ਆਰ. ਟੀ. ਓ. ਦੇ ਐੱਮ. ਵੀ. ਆਈ. ਵਲੋਂ ਪਾਸਿੰਗ ਕੀਤੀ ਜਾਂਦੀ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਬੱਸਾਂ ਨੂੰ ਘਰ ਬੈਠੇ ਹੀ ਪਾਸ ਕਰ ਦਿੱਤਾ ਜਾਂਦਾ ਹੈ, ਜਦੋਂਕਿ ਇਹ ਜ਼ਿੰਮੇਦਾਰੀ ਵਾਲਾ ਕੰਮ ਹੈ।


Related News