ਅਧਿਆਪਕਾਂ ਨੂੰ 7ਵੇਂ UGC ਤਨਖਾਹ ਸਕੇਲ ਦੇਣ ਤੋਂ ਇਨਕਾਰ ਕਰ ਕੇ ਸਰਕਾਰ ਨੇ ਕਮਾਇਆ ਵੱਡਾ ਧ੍ਰੋਹ : ਚਰਨਜੀਤ ਬਰਾੜ

Saturday, Jan 01, 2022 - 09:47 PM (IST)

ਅਧਿਆਪਕਾਂ ਨੂੰ 7ਵੇਂ UGC ਤਨਖਾਹ ਸਕੇਲ ਦੇਣ ਤੋਂ ਇਨਕਾਰ ਕਰ ਕੇ ਸਰਕਾਰ ਨੇ ਕਮਾਇਆ ਵੱਡਾ ਧ੍ਰੋਹ : ਚਰਨਜੀਤ ਬਰਾੜ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਅਪਣਾਈ ਕੁਰਖ਼ਤ ਪਹੁੰਚ ਤਹਿਤ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕ ਵਰਗ ਨੂੰ 7ਵਾਂ ਯੂ. ਜੀ. ਸੀ. ਤਨਖਾਹ ਸਕੇਲ ਦੇਣ ’ਚ ਕੀਤੀ ਜਾ ਰਹੀ ਆਨਾਕਾਨੀ ਅਤੇ ਪੰਜਾਬ ਦੀ ਉੱਚ ਸਿੱਖਿਆ ਨੂੰ ਯੂ. ਜੀ. ਸੀ. ਤੋਂ ਡੀ-ਲਿੰਕ ਕਰਨ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਪੰਜਾਬ ਦੀਆਂ ਸਮੂਹ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ ਹੜਤਾਲ ’ਤੇ ਹਨ, ਜਿਸ ਦੇ ਸਿੱਟੇ ਵਜੋਂ ਅਧਿਆਪਨ ਕਾਰਜ ਮੁਕੰਮਲ ਰੂਪ ’ਚ ਠੱਪ ਹੋ ਗਿਆ ਹੈ, ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਰਹਿ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਤੇ ਆਪਣੀ ਨਾਕਾਮੀ ਸਿੱਧ ਕਰ ਰਹੀ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਰਾਜਪਾਲ ’ਤੇ ਵੱਡੇ ਇਲਜ਼ਾਮ, ਕਿਹਾ-ਸਿਆਸੀ ਕਾਰਨਾਂ ਕਰਕੇ ਰੋਕੀ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਫਾਈਲ

ਉਨ੍ਹਾਂ ਕਿਹਾ ਕਿ ਯੂ. ਜੀ. ਸੀ. ਤੋਂ ਟੁੱਟ ਕੇ ਪੰਜਾਬ ਦਾ ਉੱਚ ਸਿੱਖਿਆ ਢਾਂਚਾ ਤਬਾਹ ਹੋ ਜਾਏਗਾ ਕਿਉਂਕਿ ਇਸ ਨਾਲ ਮੌਜੂਦਾ ਯੂਨੀਵਰਸਿਟੀਆਂ ਅਤੇ ਕਾਲਜ ਆਰਥਿਕ ਪੱਖੋਂ ਕੰਗਾਲ ਹੋ ਕੇ ਬੰਦ ਹੋ ਜਾਣਗੇ, ਖੋਜ ਕਾਰਜ ਬੰਦ ਹੋਣਗੇ, ਸਿੱਖਿਆ ਦਾ ਮੁਕੰਮਲ ਨਿੱਜੀਕਰਨ ਹੋ ਜਾਣ ਨਾਲ ਉੱਚ ਸਿੱਖਿਆ ਬੇਹੱਦ ਮਹਿੰਗੀ ਹੋ ਜਾਵੇਗੀ ਤੇ ਸਿੱਟੇ ਵਜੋਂ ਕੁਝ ਅਮੀਰ ਤਬਕੇ ਦੇ ਬੱਚਿਆਂ ਤੋਂ ਛੁੱਟ ਮੱਧਵਰਗ ਤੇ ਗਰੀਬ ਤਬਕੇ ਦੇ ਬੱਚਿਆਂ ਲਈ ਉੱਚ ਸਿੱਖਿਆ ਪਹੁੰਚ ਤੋਂ ਬਾਹਰ ਹੋ ਜਾਵੇਗੀ। ਇਸ ਨਾਲ ਸਮਾਜ ’ਚ ਹਫੜਾ-ਦਫੜੀ ਵਧੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਜਿਹੀ ਖ਼ਤਰਨਾਕ ਤੇ ਤਬਾਹਕੁੰਨ ਖੇਡ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਸਸਤੀ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਮੁਲਕ ਦੇ ਸਾਰੇ ਸੂਬੇ ਯੂ. ਜੀ. ਸੀ. ਸਕੇਲ ਲਾਗੂ ਕਰ ਚੁੱਕੇ ਹਨ ਤਾਂ ਸਿਰਫ ਪੰਜਾਬ ਸਰਕਾਰ ਦੀ ਇਸ ਪ੍ਰਤੀ ਨਾਕਾਮੀ ਸਰਕਾਰ ਦੀ ਕਿਸੇ ਮੰਦ ਭਾਵਨਾ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਸਕੇਲਾਂ ਸਮੇਤ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਤਾਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਆਉਣ ’ਤੇ ਕੈਬਨਿਟ ਮੀਟਿੰਗ ’ਚ ਇਹ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News