ਸਿਆਸੀ ਦਬਾਅ ਅਧੀਨ ਸਰਕਾਰੀ ਤੌਰ ''ਤੇ ਹੁੰਦੀਆਂ ਨੇ ਗੁਰੂ ਘਰਾਂ ਦੀਆਂ ਬੇਅਦਬੀਆਂ : ਮਲਕੀਅਤ ਸਿੰਘ ਏ. ਆਰ.
Sunday, Sep 03, 2017 - 10:23 AM (IST)
ਬਾਬਾ ਬਕਾਲਾ ਸਾਹਿਬ (ਅਠੌਲਾ/ਰਾਕੇਸ਼) - ਇਤਿਹਾਸਕ ਗੁਰਦੁਆਰਾ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹਲਕੇ ਦੇ ਅਕਾਲੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਮਲਕੀਅਤ ਸਿੰਘ ਏ. ਆਰ. ਨੇ ਕਿਹਾ ਕਿ ਸਿਆਸੀ ਦਬਾਅ ਅਧੀਨ ਸਰਕਾਰੀ ਤੌਰ 'ਤੇ ਗੁਰਧਾਮਾਂ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਗੁਰਦੁਆਰਾ ਛੋਟਾ ਘੱਲੂਘਾਰਾ ਕਾਹਨੂੰਵਾਨ ਸ਼ੰਭ ਵਿਖੇ ਹੋਈ ਬੇਅਦਬੀ ਦੀ ਹੈ, ਇਹ ਸਭ ਕੁਝ ਐੱਮ. ਪੀ. ਪ੍ਰਤਾਪ ਸਿੰਘ ਬਾਜਵਾ ਦੀ ਸ਼ਹਿ 'ਤੇ ਹੋ ਰਿਹਾ ਹੈ। ਅੱਜ ਦੀ ਇਹ ਵਿਸ਼ਾਲ ਇਕੱਤਰਤਾ ਇਸ ਬੇਅਦਬੀ ਦੀ ਘੋਰ ਨਿੰਦਾ ਕਰਦੀ ਹੈ ਅਤੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਸੰਕਲਪ ਲੈਂਦੀ ਹੈ। ਇਸ ਮੌਕੇ ਸ਼੍ਰੀ ਏ. ਆਰ. ਨੇ ਕਿਹਾ ਕਿ ਗੁਰਦੁਆਰਾ ਛੋਟਾ ਘੱਲੂਘਾਰਾ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਜੋ ਵੀ ਹੁਕਮ ਕਰਨਗੇ, ਉਸ 'ਤੇ ਪੂਰਾ-ਪੂਰਾ ਪਹਿਰਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸਵ. ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੇ ਪੋਤਰੇ ਇੰਦਰਰਾਜ ਸਿੰਘ ਉਮਰਾਨੰਗਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਦੇ ਭਤੀਜੇ ਬਾਵਾ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਗੁਰੂ ਮਹਾਰਾਜ ਇਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਏ. ਆਰ. ਨੇ ਕਿਹਾ ਕਿ 10 ਸਤੰਬਰ ਨੂੰ ਸ੍ਰੀ ਖਡੂਰ ਸਾਹਿਬ ਮੇਲੇ 'ਤੇ ਬਾਬਾ ਬਕਾਲਾ ਸਾਹਿਬ ਤੋਂ 500 ਗੱਡੀਆਂ ਦਾ ਕਾਫਿਲਾ ਰਵਾਨਾ ਹੋਵੇਗਾ।
ਇਸ ਮੌਕੇ ਜਥੇ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਰਾਜਿੰਦਰ ਸਿੰਘ ਬਿੱਲਾ, ਨਿਰਮਲ ਸਿੰਘ ਧੂਲਕਾ, ਪਰਮਦੀਪ ਸਿੰਘ ਟਕਾਪੁਰ, ਰਣਜੀਤ ਸਿੰਘ ਸੇਰੋਂ, ਹਰਦਿਆਲ ਸਿੰਘ ਸਰਪੰਚ ਠੱਠੀਆਂ, ਭੁਪਿੰਦਰ ਸਿੰਘ ਸਰਪੰਚ ਲੱਖੂਵਾਲ, ਰਜਿੰਦਰ ਸਿੰਘ ਸਾਬਾ ਸਰਪੰਚ ਤੇ ਹੋਰ ਅਕਾਲੀ ਵਰਕਰ ਮੌਜੂਦ ਸਨ।
