ਗੋਪਾਲ ਚਾਵਲਾ ਨਾਲ ਸਿੱਧੂ ਦੀ ਵਾਇਰਲ ਫੋਟੋ ''ਤੇ ਜਾਣੋ ਕੀ ਬੋਲੇ ਖਹਿਰਾ

Friday, Nov 30, 2018 - 10:17 AM (IST)

ਗੋਪਾਲ ਚਾਵਲਾ ਨਾਲ ਸਿੱਧੂ ਦੀ ਵਾਇਰਲ ਫੋਟੋ ''ਤੇ ਜਾਣੋ ਕੀ ਬੋਲੇ ਖਹਿਰਾ

ਤਲਵੰਡੀ ਸਾਬੋ (ਮੁਨੀਸ਼)— ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਖਾਲਿਸਤਾਨੀ ਪੱਖੀ ਆਗੂ ਗੋਪਾਲ ਸਿੰਘ ਚਾਵਲਾ ਨਾਲ ਵਾਇਰਲ ਹੋਈ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਫੋਟੋ ਨੂੰ ਕੋਈ ਮਸਲਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਸੁਖਪਾਲ ਸਿੰਘ ਖਹਿਰਾ 8 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕੱਢੇ ਜਾਣ ਵਾਲੇ ਇਨਸਾਫ ਮਾਰਚ ਦੀਆਂ ਤਿਆਰੀਆਂ ਦੇ ਸਬੰਧ 'ਚ ਵੀਰਵਾਰ ਨੂੰ ਹਲਕਾ ਤਲਵੰਡੀ ਸਾਬੋ ਵਿਖੇ ਮੀਟਿੰਗ ਕਰਨ ਪੁੱਜੇ ਹੋਏ ਸਨ।

ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਚਾਵਲਾ ਨਾਲ ਸਿੱਧੂ ਦੀ ਫੋਟੋ ਹੋਣਾ ਕੋਈ ਮਸਲਾ ਨਹੀਂ ਜੇਕਰ ਉਨ੍ਹਾਂ ਦੇ ਆਪਸ ਵਿਚ ਕੋਈ ਨਿੱਜੀ ਸਬੰਧ ਹਨ ਤਾਂ ਜਾਂਚ ਦਾ ਵਿਸ਼ਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਬਿਕਰਮਜੀਤ ਸਿੰਘ ਮਜੀਠੀਆ ਦੀਆਂ ਤਸਵੀਰਾਂ ਅੰਤਰਰਾਸ਼ਟਰੀ ਨਸ਼ਾ ਸਮੱਗਲਰਾਂ ਸੱਤੇ ਤੇ ਪਿੰਦੇ ਨਾਲ ਵੀ ਆਈਆਂ ਸਨ ਪਰ ਕਿਸੇ ਵਿਅਕਤੀ ਨਾਲ ਸਿਆਸੀ ਆਗੂ ਦੀ ਤਸਵੀਰ ਹੋਣਾ ਕੋਈ ਮਸਲਾ ਹੀ ਨਹੀਂ ਕਿਉਂਕਿ ਆਗੂ ਜਦੋਂ ਕਿਸੇ ਥਾਂ ਜਾਂਦਾ ਹੈ ਤਾਂ ਉਸ ਨਾਲ ਵੱਡੀ ਗਿਣਤੀ 'ਚ ਲੋਕ ਫੋਟੋਆਂ ਕਰਵਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਤਸਵੀਰਾਂ ਵਲੋਂ ਧਿਆਨ ਹਟਾ ਕੇ ਇਸ ਗੱਲ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਕਿ ਵਰ੍ਹਿਆਂ ਤੋਂ ਉਡੀਕਿਆ ਜਾ ਰਿਹਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਗਿਆ ਹੈ। ਇਸ ਦੌਰਾਨ ਖਹਿਰਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਖਹਿਰਾ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ, ਦੀਪਕ ਬਾਂਸਲ ਅਤੇ ਗੁਰਦੀਪ ਸਿੰਘ ਬਰਾੜ ਮਲਕਾਣਾ ਹਾਜ਼ਰ ਸਨ।


author

cherry

Content Editor

Related News