ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ

Wednesday, Dec 28, 2022 - 09:00 AM (IST)

ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ

ਜਲੰਧਰ (ਰਮਨਜੀਤ ਸਿੰਘ, ਬਲਜਿੰਦਰ ਸਿੰਘ, ਪੁਨੀਤ, ਸ਼ਾਰਦਾ,ਸੁਨੀਲ, ਸੰਜੀਵ,ਨੀਰਜ,ਲਲਨ ਯਾਦਵ)- ਪੰਜਾਬੀ ਗਾਇਕ, ਰੈਪਰ ਤੇ ਸਿਆਸਤਦਾਨ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਇਸ ਸਾਲ ਦੀ ਅਜਿਹੀ ਘਟਨਾ ਸੀ, ਜਿਸ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ। ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੀ ਧਰਤੀ ’ਤੇ ਵਹਾਏ ਜਾ ਰਹੇ ਖੂਨ ਦੀਆਂ ਸਾਜ਼ਿਸ਼ਾਂ ਵਿਦੇਸ਼ ’ਚ ਰਚੀਆਂ ਜਾ ਰਹੀਆਂ ਹਨ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਅਤੇ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਮੂਸੇਵਾਲਾ ਨੂੰ 27 ਗੋਲੀਆਂ ਲੱਗੀਆਂ ਸਨ। ਪੁਲਸ ਵੱਲੋਂ ਕੀਤੀ ਗਈ ਜਾਂਚ ’ਚ ਪਤਾ ਲੱਗਾ ਸੀ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਪ੍ਰਿਯਵ੍ਰਤ ਫੌਜੀ, ਕੇਸ਼ਵ ਕੁਮਾਰ, ਅੰਕਿਤ ਸਿਰਸਾ, ਦੀਪਕ ਮੁੰਡੀ, ਕਸ਼ਿਸ਼ ਉਰਫ ਕੁਲਦੀਪ ਸਿੰਘ ਫਤਿਹਾਬਾਦ ਸਾਈਡ ਤੋਂ ਬੋਲੈਰੋ ’ਚ ਅਤੇ ਮਨਪ੍ਰੀਤ ਸਿੰਘ ਮਨੀ ਤੇ ਜਗਰੂਪ ਸਿੰਘ ਉਰਫ ਰੂਪਾ ਕੋਰੋਲਾ ਆਲਟੋ ਗੱਡੀ ’ਚ ਆਏ ਸਨ ਅਤੇ ਉਸ ਦੀ ਹੱਤਿਆ ਦੀ ਸਾਜ਼ਿਸ਼ ਵਿਦੇਸ਼ ’ਚ ਅਤੇ ਪੰਜਾਬ ਦੀਆਂ ਜੇਲਾਂ ’ਚ ਬੈਠ ਕੇ ਰਚੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਨ ਲਈ ਸਮੁੱਚੇ ਸਿਆਸੀ, ਸਮਾਜਿਕ, ਧਾਰਮਿਕ ਤੇ ਸਮਾਜ ਸੇਵੀ ਸੰਗਠਨਾਂ ਦੇ ਜ਼ਿਆਦਾਤਰ ਨੇਤਾ ਉਸ ਦੇ ਪਿੰਡ ਪਹੁੰਚੇ ਸਨ। ਇੱਥੋਂ ਤਕ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਚੰਡੀਗੜ੍ਹ ’ਚ ਉਸ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਨੂੰ ਮਿਲੇ ਅਤੇ ਅਫਸੋਸ ਪ੍ਰਗਟ ਕੀਤਾ।

2 ਦਰਜਨ ਦੇ ਲਗਭਗ ਗ੍ਰਿਫਤਾਰੀਆਂ, 2 ਚਾਰਜਸ਼ੀਟ ਦਾਇਰ

ਪੁਲਸ ਇਸ ਮਾਮਲੇ ’ਚ ਹੁਣ ਤਕ 2 ਦਰਜਨ ਦੇ ਲਗਭਗ ਵਿਅਕਤੀਆਂ ਨੂੰ ਗ੍ਰਿਫਤਾਰ ਅਤੇ 2 ਚਾਰਜਸ਼ੀਟ ਦਾਇਰ ਕਰ ਚੁੱਕੀ ਹੈ। ਪਹਿਲੀ ਚਾਰਜਸ਼ੀਟ ਅਗਸਤ ’ਚ 1800 ਸਫਿਆਂ ਤੋਂ ਜ਼ਿਆਦਾ ਦੀ ਸੀ, ਜਿਸ ਵਿਚ 34 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਦੂਜੀ ਚਾਰਜਸ਼ੀਟ ’ਚ ਦਸੰਬਰ ਮਹੀਨੇ ’ਚ 7 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ’ਚ 122 ਗਵਾਹਾਂ ਨੂੰ ਰੱਖਿਆ ਹੈ। ਜਿਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਸਤਵਿੰਦਰ ਸਿੰਘ ਗੋਲਡੀ ਬਰਾੜ, ਸਚਿਨ ਤਪਨ, ਅਨਮੋਲ ਬਿਸ਼ਨੋਈ, ਦਿਪਿਨ ਨੇਹਰਾ ਮੁੱਖ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਵਿਚ ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਤੇ ਨੇਹਰਾ ਵਿਦੇਸ਼ ’ਚ ਹਨ। ਪੁਲਸ ਨੇ 2 ਗੈਂਗਸਟਰਾਂ ਨੂੰ ਐਨਕਾਊਂਟਰ ’ਚ ਵੀ ਮਾਰ ਦਿੱਤਾ ਸੀ।

ਬਿਸ਼ਨੋਈ ਪ੍ਰੋਡਕਸ਼ਨ ਵਾਰੰਟ ’ਤੇ, ਗੋਲਡੀ ਨੂੰ ਭਾਰਤ ਲਿਆਉਣ ਦਾ ਦਬਾਅ

ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਮਲੇ ’ਚ ਪੰਜਾਬ ਪੁਲਸ ਨੇ ਦਿੱਲੀ ਦੀ ਤਿਹਾੜ ਜੇਲ ਤੋਂ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਅਤੇ ਕਈ ਮਹੀਨੇ ਉਸ ਕੋਲੋਂ ਪੁੱਛਗਿੱਛ ਕੀਤੀ। ਇਸੇ ਤਰ੍ਹਾਂ ਵੈਨਕੂਵਰ ਤੋਂ ਗ੍ਰਿਫਤਾਰ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਤੇ ਪੁਲਸ ਨੇ ਪੂਰੀ ਤਰ੍ਹਾਂ ਦਬਾਅ ਬਣਾਇਆ ਹੋਇਆ ਹੈ।

ਕੇਂਦਰੀ ਏਜੰਸੀਆਂ ਦਾ ਐਕਸ਼ਨ

ਇਸ ਹੱਤਿਆ ਨੂੰ ਟਰੇਸ ਕਰਨ ’ਚ ਪੰਜਾਬ ਪੁਲਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵੱਲੋਂ ਵੀ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਗਈ ਸੀ। ਇਸ ਮਾਮਲੇ ’ਚ ਦਿੱਲੀ ਦੇ ਸਪੈਸ਼ਲ ਸੈੱਲ ਨੇ ਵੀ ਅੱਧਾ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਕਾਰਨ ਇਕ ਵਾਰ ਤਾਂ ਪੰਜਾਬੀ ਇੰਡਸਟ੍ਰੀ ਵੀ ਹੱਕੀ-ਬੱਕੀ ਰਹਿ ਗਈ ਸੀ। ਪੰਜਾਬੀ ਫਿਲਮ ਇੰਡਸਟ੍ਰੀ ਤੇ ਗਾਇਕੀ ਦੇ ਖੇਤਰ ’ਚ ਕਾਫੀ ਦੇਰ ਤਕ ਸਰਗਰਮੀਆਂ ਹੌਲੀ ਹੋ ਗਈਆਂ ਸਨ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦਾ ਕਤਲ

ਸੰਦੀਪ ਸਿੰਘ ਸੰਧੂ, ਜਿਨ੍ਹਾਂ ਨੂੰ ਸੰਦੀਪ ਨੰਗਲ ਅੰਬੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਕ ਬ੍ਰਿਟਿਸ਼-ਭਾਰਤੀ ਕਬੱਡੀ ਖਿਡਾਰੀ ਸਨ, ਜੋ ਇਕ ਸਟਾਪਰ ਦੀ ਸਥਿਤੀ ’ਚ ਖੇਡਦੇ ਸਨ। ਉਨ੍ਹਾਂ ਨੇ ਅੰਤਰਰਾਸ਼ਟਰੀ ਕਬੱਡੀ ਮੈਚਾਂ ’ਚ ਭਾਰਤ ਅਤੇ ਯੂਨਾਈਟਿਡ ਕਿੰਗਡਮ ਦੋਵਾਂ ਦੀ ਨੁਮਾਇੰਦਗੀ ਕੀਤੀ ਸੀ। ਉਨ੍ਹਾਂ ਭਾਰਤ ਅਤੇ ਯੂ. ਕੇ. ਦੋਵੇਂ ਕਬੱਡੀ ਟੀਮਾਂ ਦੀ ਕਪਤਾਨੀ ਵੀ ਕੀਤੀ। 14 ਮਾਰਚ 2022 ਨੂੰ ਨਕੋਦਰ ਸ਼ਹਿਰ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਤੋਂ ਇਲਾਵਾ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਅਠੌਲਾ ਵਿੱਚ ਮੈਚ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇੰਦਰਜੀਤ ਸਿੰਘ ਨੂੰ ਗੋਲੀ ਮਾਰ ਕੇ ਸਵਿਫਟ ਕਾਰ ਚਾਲਕ ਫਰਾਰ ਹੋ ਗਿਆ। ਪਰ ਲੱਤ ਵਿੱਚ ਗੋਲੀ ਲੱਗਣ ਕਾਰਨ ਇੰਦਰਜੀਤ ਵਾਲ-ਵਾਲ ਬਚ ਗਿਆ। ਇੰਦਰਜੀਤ 'ਤੇ ਗੋਲੀ ਚਲਾਉਣ ਵਾਲੇ ਨਕਸ਼ਦਰ ਦੀ ਲਾਸ਼ ਕਈ ਮਹੀਨਿਆਂ ਬਾਅਦ ਸੜਕ ਦੇ ਕਿਨਾਰੇ ਖੜ੍ਹੀ ਕਾਰ 'ਚ ਪਈ ਮਿਲੀ ਸੀ। 

ਨਕੋਦਰ ’ਚ ਕੱਪੜਾ ਕਾਰੋਬਾਰੀ ਤੇ ਪੁਲਸ ਮੁਲਾਜ਼ਮ ਦੀ ਗੋਲੀਆਂ ਮਾਰ ਕੇ ਹੱਤਿਆ

ਜਲੰਧਰ ਦੇ ਨਕੋਦਰ ’ਚ 8 ਦਸੰਬਰ 2022 ਨੂੰ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ ਅਤੇ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਕਾਂਸਟੇਬਲ ਮਨਦੀਪ ਸਿੰਘ ਦੀ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਟਿੰਮੀ ਚਾਵਲਾ ਤੋਂ ਗੈਂਗਸਟਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਟਿੰਮੀ ਦੀ ਸੁਰੱਖਿਆ ਲਈ ਪੁਲਸ ਨੇ ਉਨ੍ਹਾਂ ਨੂੰ ਗੰਨਮੈਨ ਮਨਦੀਪ ਸਿੰਘ ਦਿੱਤਾ ਸੀ। ਟਿੰਮੀ ਨੂੰ ਲਗਾਤਾਰ ਫੋਨ ’ਤੇ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ’ਚ ਪੁਲਸ ਨੇ ਕਈ ਗੈਂਗਸਟਰਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ, ਜਦੋਂਕਿ ਕੁਝ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਏ ਹਨ। ਟਿੰਮੀ ਚਾਵਲਾ ਦੀ ਹੱਤਿਆ ਤੋਂ ਬਾਅਦ ਨਕੋਦਰ ’ਚ ਕਈ ਵੱਡੇ ਕਾਰੋਬਾਰੀਆਂ ਨੂੰ ਇੰਟਰਨੈਸ਼ਨਲ ਕਾਲ ਰਾਹੀਂ ਧਮਕੀਆਂ ਮਿਲੀਆਂ, ਜਿਸ ਸਬੰਧੀ ਨਕੋਦਰ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ’ਚ ਪੁਲਸ ਪ੍ਰਤੀ ਕਾਫੀ ਰੋਸ ਵੀ ਰਿਹਾ।


author

cherry

Content Editor

Related News