ਪੰਜਾਬ ਦੇ ਹਜ਼ਾਰਾਂ ਕਾਮਿਆਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਦਿੱਤੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ

Wednesday, Oct 29, 2025 - 12:34 PM (IST)

ਪੰਜਾਬ ਦੇ ਹਜ਼ਾਰਾਂ ਕਾਮਿਆਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਦਿੱਤੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ

ਡੇਰਾਬੱਸੀ (ਗੁਰਜੀਤ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੋਹਾਲੀ ਜ਼ਿਲ੍ਹੇ 'ਚ ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ’ਚ 100 ਬੈੱਡਾਂ ਵਾਲੇ ਮਾਡਰਨ ਇੰਪਲਾਈ ਸਟੇਟ ਇਨਸ਼ੋਰੈਂਸ ਕਾਰਪੋਰੇਸ਼ਨ (ਈ. ਐੱਸ. ਆਈ. ਸੀ.) ਹਸਪਤਾਲ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਹਸਪਤਾਲ ਮੁਬਾਰਕਪੁਰ ਵਿਖੇ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਪੀ. ਡਬਲਯੂ. ਡੀ. ਰੈਸਟ ਹਾਉਸ ਦੀ ਸਾਢੇ ਚਾਰ ਏਕੜ ਜ਼ਮੀਨ ’ਚ ਬਣੇਗਾ, ਜਿਸ ਨਾਲ ਡੇਰਾਬੱਸੀ ਖੇਤਰ ਦੇ ਉਦਯੋਗਿਕ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 50 ਹਜ਼ਾਰ ਵਰਕਰਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਦੱਸਣਯੋਗ ਹੈ ਕਿ ਡੇਰਾਬੱਸੀ ਅਤੇ ਲਾਲੜੂ ਖੇਤਰ ’ਚ 500 ਤੋਂ ਵੱਧ ਵੱਡੇ, ਛੋਟੇ ਤੇ ਮੱਧਮ ਪੱਧਰ ਦੇ ਉਦਯੋਗ ਹਨ, ਜਿੱਥੇ ਕਰੀਬ 40 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ, ਜਦੋਂਕਿ ਕੰਸਟਰਕਸ਼ਨ ਸੈਕਟਰ ਨਾਲ ਜੁੜੇ ਹਜ਼ਾਰਾਂ ਮਜ਼ਦੂਰ ਵੱਖਰੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 3 ਲੱਖ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਸ਼ੁਰੂ ਕੀਤਾ ਇਹ ਪ੍ਰੋਗਰਾਮ

ਇਸ ਵੇਲੇ ਜ਼ਿਲ੍ਹੇ ’ਚ ਸਿਰਫ਼ ਇਕ ਹੀ ਈ. ਐੱਸ. ਆਈ. ਹਸਪਤਾਲ ਮੋਹਾਲੀ ’ਚ ਹੈ, ਜਿਸ ਦੀ ਸਮਰੱਥਾ ਸਿਰਫ਼ 50 ਬੈੱਡਾਂ ਦੀ ਹੈ। ਬਹੁਤ ਵਾਰ ਮਰੀਜ਼ਾਂ ਨੂੰ ਉੱਥੇ ਦਾਖ਼ਲਾ ਜਾਂ ਆਪਰੇਸ਼ਨ ਲਈ ਬੈੱਡ ਨਹੀਂ ਮਿਲਦਾ। ਇਸ ਕਰਕੇ ਉਦਯੋਗਿਕ ਖੇਤਰਾਂ ਦੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਡੇਰਾਬੱਸੀ ’ਚ ਈ. ਐੱਸ. ਆਈ. ਹਸਪਤਾਲ ਬਣਾਉਣ ਦੀ ਮੰਗ ਪਿਛਲੇ ਦੋ ਦਹਾਕਿਆਂ ਤੋਂ ਚੱਲ ਰਹੀ ਸੀ। ਅਪ੍ਰੈਲ ਮਹੀਨੇ ’ਚ ਪਿੰਡ ਮੁਬਾਰਕਪੁਰ ਮੀਰਪੁਰ ਦੀ ਜਮਾਂਬੰਦੀ (ਸਾਲ 2022–23) ਅਨੁਸਾਰ ਹਦਬਸਤ ਨੰਬਰ 356, ਖੇਵਟ ਨੰਬਰ 443 ਦੇ ਖਸਰਾ ਨੰਬਰ 12/26, ਕੁੱਲ ਰਕਬਾ 45 ਕਨਾਲ 3 ਮਰਲੇ (ਲਗਭਗ 5.64 ਏਕੜ) ’ਚੋਂ 4 ਏਕੜ 4 ਕਨਾਲ 11 ਮਰਲੇ ਰਕਬੇ ’ਚ 100 ਬੈੱਡਾਂ ਵਾਲਾ ਨਵਾਂ ਈ.ਐੱਸ.ਆਈ. ਹਸਪਤਾਲ ਬਣਾਉਣ ਲਈ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੋ ਗਿਆ ਵੱਡਾ ਐਲਾਨ, ਮਾਨ ਸਰਕਾਰ ਨੇ ਖਿੱਚੀ ਤਿਆਰੀ, ਪੜ੍ਹੋ ਪੂਰੀ ਖ਼ਬਰ
ਮਜ਼ਦੂਰ ਵਰਗ ਨੂੰ ਸਸਤੇ ਤੇ ਉੱਚ ਗੁਣਵੱਤਾ ਵਾਲੇ ਇਲਾਜ ਦੀ ਮਿਲੇਗੀ ਸਹੂਲਤ
ਇਹ ਪ੍ਰਾਜੈਕਟ ਡੇਰਾਬੱਸੀ ਖੇਤਰ ਨੂੰ ਨਵੀਂ ਸਿਹਤ ਦਿਸ਼ਾ ਦੇਵੇਗਾ ਅਤੇ ਇਲਾਕੇ ’ਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰੇਗਾ। ਹਲਕਾ ਡੇਰਾਬੱਸੀ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਉਦਯੋਗਿਕ ਇਲਾਕਾ ਹੈ, ਜਿੱਥੇ ਹਜ਼ਾਰਾਂ ਮਜ਼ਦੂਰ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਇੱਥੇ ਈ. ਐੱਸ. ਆਈ. ਹਸਪਤਾਲ ਬਣਨ ਨਾਲ ਮਜ਼ਦੂਰ ਵਰਗ ਨੂੰ ਸਸਤੇ ਅਤੇ ਉੱਚ ਗੁਣਵੱਤਾ ਵਾਲੇ ਇਲਾਜ ਦੀਆਂ ਸਹੂਲਤਾਂ ਮਿਲਣਗੀਆਂ। ਹਸਪਤਾਲ ਜੱਚਾ-ਬੱਚਾ ਸਿਹਤ, ਐਮਰਜੈਂਸੀ, ਡਾਇਗਨੋਸਟਿਕ ਅਤੇ ਸਪੈਸ਼ਲਿਸਟ ਓ. ਪੀ. ਡੀ. ਸੇਵਾਵਾਂ ਨਾਲ ਲੈਸ ਹੋਵੇਗਾ, ਜਿਸ ਨਾਲ ਇਹ ਇਲਾਕਾ ਇਕ ਆਦਰਸ਼ ਸਿਹਤ ਕੇਂਦਰ ਵਜੋਂ ਉਭਰੇਗਾ।
ਹਸਪਤਾਲ ਦਾ ਨਾਮ ਜੈਨ ਮੁਨੀ ਨੇਮਚੰਦ ਦੇ ਨਾਂ ‘ਤੇ ਰੱਖਣ ਦੀ ਮੰਗ
ਡੀ. ਸੀ. ਦੇ ਹੁਕਮਾਂ ਨਾਲ ਸਾਈਟ ਸਿਲੈਕਸ਼ਨ ਕਮੇਟੀ ਨੇ ਰਾਮਗੜ੍ਹ-ਢਕੋਲੀ ਰੋਡ ’ਤੇ ਮੁਬਾਰਕਪੁਰ ਰੈਸਟ ਹਾਉਸ ਦੀ ਜਾਂਚ ਕੀਤੀ ਸੀ। ਡੇਰਾਬੱਸੀ ਨਾਲ ਸੜਕ ਕੁਨੈਕਟੀਵਿਟੀ, ਆਸਾਨ ਪਹੁੰਚ ਤੇ ਉਦਯੋਗਿਕ ਖੇਤਰਾਂ ਦੇ ਨੇੜੇ ਹੋਣ ਕਰਕੇ ਇਸ ਸਾਈਟ ਨੂੰ ਸਭ ਤੋਂ ਉੱਚਿਤ ਮੰਨਿਆ ਗਿਆ। ਜਿੱਥੇ ਈ. ਐੱਸ. ਆਈ. ਹਸਪਤਾਲ ਬਣਾਇਆ ਜਾਵੇਗਾ। ਹਾਲਾਂਕਿ ਜੈਨ ਸਭਾ, ਮੁਬਾਰਕਪੁਰ ਨੇ ਇਸ ਹਸਪਤਾਲ ਦਾ ਨਾਮ ਜੈਨ ਮੁਨੀ ਨੇਮਚੰਦ ਦੇ ਨਾਂ ’ਤੇ ਰੱਖਣ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News