ਪੰਜਾਬ ਦੀਆਂ ਹਜ਼ਾਰਾਂ ਵਿਦਿਆਰਥਣਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਸ਼ੁਰੂ ਕੀਤੀ ਨਵੀਂ ਪਹਿਲ ਕਦਮੀ

Sunday, Mar 02, 2025 - 05:38 PM (IST)

ਪੰਜਾਬ ਦੀਆਂ ਹਜ਼ਾਰਾਂ ਵਿਦਿਆਰਥਣਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਸ਼ੁਰੂ ਕੀਤੀ ਨਵੀਂ ਪਹਿਲ ਕਦਮੀ

ਚੰਡੀਗੜ੍ਹ : ਇੱਕ ਨਿਵੇਕਲੀ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਕਰੀਅਰ ਪ੍ਰਤੀ ਰੁਚੀ, ਸਮਰੱਥਾ ਅਤੇ ਯੋਗਤਾ ਦਾ ਪਤਾ ਲਗਾਉਣ ਲਈ ਉਨ੍ਹਾਂ ਦਾ ਸਾਇਕੋਮੈਟ੍ਰਿਕ ਟੈਸਟ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਵੱਲੋਂ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਸਾਇਕੋਮੈਟ੍ਰਿਕ ਟੈਸਟ ਲਈ ਸਾਰੇ ਜ਼ਿਲ੍ਹਿਆਂ ਨੂੰ 6.56 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ 31 ਮਾਰਚ, 2025 ਤੱਕ 10ਵੀਂ ਜਮਾਤ 'ਚ ਪੜ੍ਹਦੀਆਂ ਸਾਰੀਆਂ 93,819 ਵਿਦਿਆਰਥਣਾਂ ਦਾ ਟੈਸਟ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਲਾਗੂਕਰਨ ਲਈ ਸੂਬੇ ਭਰ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੂਫ਼ਾਨ ਨਾਲ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕਰ 'ਤੀ ਵੱਡੀ ਚਿਤਾਵਨੀ

ਇਹ ਕਮੇਟੀਆਂ ਆਪੋ-ਆਪਣੇ ਜ਼ਿਲ੍ਹਿਆਂ ਦੇ ਅੰਦਰ ਟੈਸਟਿੰਗ ਪ੍ਰਕਿਰਿਆ ਅਤੇ ਸਾਰੇ ਕਾਰਜਾਂ ਦੀ ਨਿਗਰਾਨੀ ਕਰਨਗੀਆਂ। ਇਸ ਪਹਿਲ ਕਦਮੀ ਦਾ ਮੁੱਖ ਟੀਚਾ ਵਿਦਿਆਰਥੀਆਂ ਦੀਆਂ ਮਾਨਸਿਕ ਸਮਰੱਥਾਵਾਂ, ਰੁਚੀਆਂ ਅਤੇ ਸ਼ਖਸੀਅਤ ਦੇ ਗੁਣਾਂ ਦਾ ਵਿਸ਼ਲੇਸ਼ਣ ਕਰਨਾ ਹੈ ਤਾਂ ਜੋ ਉਨ੍ਹਾਂ ਦਾ ਢੁੱਕਵੇਂ ਕਰੀਅਰ ਦੀ ਚੋਣ ਕਰਨ 'ਚ ਮਾਰਗਦਰਸ਼ਨ ਕੀਤਾ ਜਾ ਸਕੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ 10ਵੀਂ ਦੀ ਬੋਰਡ ਪ੍ਰੀਖਿਆ ਤੋਂ ਬਾਅਦ ਆਪਣੇ ਭਵਿੱਖੀ ਕਰੀਅਰ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰਦੇ ਹਨ। ਇਹ ਫ਼ੈਸਲਾ 11ਵੀਂ ਜਮਾਤ 'ਚ ਸਟ੍ਰੀਮ ਦੀ ਚੋਣ ਨੂੰ ਪ੍ਰਭਾਵਿਤ ਕਰਦਾ ਹੈ। ਹਾਲਾਂਕਿ ਪ੍ਰਾਈਵੇਟ ਸਕੂਲ ਅਕਸਰ ਕਰੀਅਰ ਕਾਊਂਸਲਿੰਗ ਪ੍ਰਦਾਨ ਕਰਦੇ ਹਨ ਪਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਇਸ ਸਹੂਲਤ ਦੀ ਘਾਟ ਸੀ, ਜਿਸ ਕਾਰਨ ਉਹ ਆਪਣੇ ਸਾਥੀ ਜਮਾਤੀਆਂ ਨੂੰ ਦੇਖ ਕੇ ਉਨ੍ਹਾਂ ਵਾਲੇ ਸਟ੍ਰੀਮ ਦੀ ਚੋਣ ਕਰ ਲੈਂਦੇ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਵਜੀਫ਼ਾ ਲੈਣ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਰਕਾਰ ਨੇ ਖ਼ਤਮ ਕੀਤੀ ਇਹ ਸ਼ਰਤ

ਇਸ ਕਾਰਨ ਅਕਸਰ ਕਈ ਵਿਦਿਆਰਥੀ ਅਜਿਹੇ ਸਟ੍ਰੀਮ ਦੀ ਚੋਣ ਕਰ ਲੈਂਦੇ ਸਨ, ਜੋ ਉਨ੍ਹਾਂ ਦੀ ਰੁਚੀ ਅਤੇ ਕਾਬਲੀਅਤ ਨਾਲ ਮੇਲ ਨਹੀਂ ਖਾਂਦਾ ਹੁੰਦਾ ਸੀ। ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਅਹਿਮੀਅਤ ਨੂੰ ਸਮਝਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਰਾਬਰ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਸਾਇਕੋਮੈਟ੍ਰਿਕ ਟੈਸਟ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਵਿਦਿਆਰਥੀਆਂ ਨੂੰ ਅਜਿਹੇ ਮਾਰਗ ਦੀ ਚੋਣ ਕਰਨ ਦੀ ਸਮਰੱਥਾ ਪ੍ਰਦਾਨ ਕਰੇਗੀ, ਜੋ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਨਾਲ ਮੇਲ ਖਾਂਦਾ ਹੋਵੇ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਨਾ ਸਿਰਫ਼ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਪ੍ਰਤੀ ਵਧੇਰੇ ਆਤਮ ਵਿਸ਼ਵਾਸੀ ਅਤੇ ਜਾਗਰੂਕ ਬਣਾਏਗੀ, ਸਗੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਮਿਆਰ ਵਿੱਚ ਵੀ ਸੁਧਾਰ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News