ਪੰਜਾਬ ਦੇ ਅਧਿਆਪਕਾਂ ਲਈ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ

Saturday, Oct 04, 2025 - 03:58 PM (IST)

ਪੰਜਾਬ ਦੇ ਅਧਿਆਪਕਾਂ ਲਈ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ 5 ਅਕਤੂਬਰ ਨੂੰ ‘ਵਿਸ਼ਵ ਅਧਿਆਪਕ ਦਿਵਸ’ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਸਿੱਖਿਆ ਦੇ ਖੇਤਰ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 71 ਸਰਕਾਰੀ ਅਧਿਆਪਕਾਂ ਦਾ ਵੱਕਾਰੀ ‘ਰਾਜ ਅਧਿਆਪਕ ਪੁਰਸਕਾਰ 2025' ਨਾਲ ਸਨਮਾਨ ਕੀਤਾ ਜਾਵੇਗਾ। ਇਸ ਦਾ ਮਕਸਦ ਸੂਬੇ ਦੇ ਸਿੱਖਿਆ ਖੇਤਰ 'ਚ ਇਨ੍ਹਾਂ ਅਧਿਆਪਕਾਂ ਦੇ ਸਮਰਪਣ ਅਤੇ ਸ਼ਾਨਦਾਰ ਯੋਗਦਾਨ ਨੂੰ ਵਡਿਆਉਣਾ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ 'ਚ ਮਾਣ ਮਹਿਸੂਸ ਕਰ ਰਹੀ ਹੈ, ਜੋ ਨਾ ਸਿਰਫ ਨੌਜਵਾਨ ਦੇ ਸੁਫ਼ਨਿਆਂ ਨੂੰ ਉਡਾਣ ਦਿੰਦੇ ਹਨ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਰਾਹ ਦਸੇਰੇ ਵੀ ਬਣਦੇ ਹਨ। ਸਟੇਟ ਐਵਾਰਡਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੁੱਲ 55 ਅਧਿਆਪਕਾਂ ਨੂੰ ਰਾਜ ਅਧਿਆਪਕ ਪੁਰਸਕਾਰ ਦਿੱਤਾ ਜਾਵੇਗਾ, ਜਿਨ੍ਹਾਂ ਵਿੱਚੋਂ 34 ਸੀਨੀਅਰ ਸੈਕੰਡਰੀ ਸਕੂਲਾਂ ਅਤੇ 21 ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹਨ।

ਇਹ ਵੀ ਪੜ੍ਹੋ : CM ਮਾਨ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫ਼ਾ! ਲੋਕਾਂ ਨੂੰ ਮਿਲੇਗੀ ਰਾਹਤ (ਵੀਡੀਓ)

ਇਸ ਤੋਂ ਇਲਾਵਾ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ (6 ਸੈਕੰਡਰੀ ਅਤੇ 4 ਪ੍ਰਾਇਮਰੀ ਅਧਿਆਪਕ) ਨਾਲ ਸਨਮਾਨਿਤ ਕੀਤਾ ਜਾਵੇਗਾ। ਤਿੰਨ ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਤਿੰਨ ਅਧਿਆਪਕਾਂ ਨੂੰ ਉਨ੍ਹਾਂ ਦੀ ਵਿਲੱਖਣ ਅਗਵਾਈ ਲਈ ਪ੍ਰਬੰਧਕੀ (ਐਡਮਨਿਸਟ੍ਰੇਟਿਵ) ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਪੁਰਸਕਾਰ ਜੇਤੂ ਨੂੰ ਰਾਜ ਪੱਧਰੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਮੈਡਲ, ਸ਼ਾਲ ਅਤੇ ਯੋਗਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦਾ ਸਿੱਖਿਆ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਵਿਭਾਗ ਦੀ ਭਵਿੱਖਬਾਣੀ

ਉਨ੍ਹਾਂ ਕਿਹਾ ਕਿ ਸਟੇਟ ਟੀਚਰ ਐਵਾਰਡ ਸਮਾਰੋਹ ਰਾਜ ਸਰਕਾਰ ਦੀ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਤਾਂ ਜੋ ਸੂਬੇ ਦੇ ਸਿੱਖਿਆ ਖੇਤਰ 'ਚ ਉੱਤਮਤਾ ਅਤੇ ਸਮਰਪਣ ਦੇ ਸੱਭਿਆਚਾਰ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ (ਐੱਨ. ਏ. ਐੱਸ.) 2024, ਜਿਸ ਨੂੰ ਰਾਸ਼ਟਰੀ ਪਰਖ ਸਰਵੇਖਣ ਵੀ ਕਿਹਾ ਜਾਂਦਾ ਹੈ, 'ਚ ਸਾਰੇ ਸੂਬਿਆਂ ਨੂੰ ਪਛਾੜ ਕੇ ਮੋਹਰੀ ਰਿਹਾ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਉੱਦਮਤਾ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ 'ਚ ਵੀ ਪੰਜਾਬ ਦੇਸ਼ ਭਰ 'ਚ ਪਹਿਲਾ ਸੂਬਾ ਬਣ ਗਿਆ ਹੈ। ਇਸ ਵਿਸ਼ੇ ਨੂੰ ਸ਼ਾਮਲ ਕਰਨ ਦਾ ਮਕਸਦ ਵਿਦਿਆਰਥੀਆਂ 'ਚ ਉੱਦਮੀ ਮਾਨਸਿਕਤਾ ਨੂੰ ਪ੍ਰਫੁੱਲਿਤ ਕਰਨਾ ਹੈ ਤਾਂ ਜੋ ਉਹ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲੇ ਬਣਨ। ਇਸ ਸਾਲ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਨੀਟ ਅਤੇ ਜੇ. ਈ. ਈ. ਮੇਨਜ਼ ਤੇ ਐਡਵਾਂਸਡ ਵਰਗੀਆਂ ਸਖ਼ਤ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ 'ਚ ਕਾਮਯਾਬੀ ਹਾਸਲ ਕੀਤੀ ਹੈ, ਜੋ ਸੂਬੇ 'ਚ ਸਿੱਖਿਆ ਖੇਤਰ ਦੀ ਪ੍ਰਗਤੀ ਨੂੰ ਦਰਸਾਉਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News