ਪੰਜਾਬ ਦੇ ਸਕੂਲੀ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਸ਼ੁਰੂ ਕੀਤੀ ਇਹ ਸਕੀਮ
Tuesday, Aug 22, 2023 - 06:26 PM (IST)
ਜਲੰਧਰ (ਨਰਿੰਦਰ ਮੋਹਨ) : ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਾਰੋਬਾਰ ਚਲਾਉਣ ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਹੈ। ਸਕੂਲੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੇ ਕਾਰੋਬਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਲਈ ਸਰਕਾਰ ਬੱਚਿਆਂ ਨੂੰ ਛੋਟੇ ਕਾਰੋਬਾਰ ਕਰਨ ਲਈ ਫੰਡ ਵੀ ਦੇ ਰਹੀ ਹੈ। ਬਿਜ਼ਨਸ ਬਲਾਸਟਰ ਨਾਮ ਦੀ ਇਸ ਸਕੀਮ ਪਿੱਛੇ ਸਰਕਾਰ ਦੇ ਇਸ ਕਦਮ ਦਾ ਮਕਸਦ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੀ ਭਟਕਣਾ ਤੋਂ ਬਚਾਉਣਾ ਹੈ। ਇਸ ਸਾਲ ਪੰਜਾਬ ਵਿਚ ਤਿੰਨ ਲੱਖ ਵਿਦਿਆਰਥੀਆਂ ਨੂੰ ਨੌਜਵਾਨ ਉੱਦਮੀ ਬਣਾਇਆ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਸਕੀਮ ਨਾਲ ਜਿੱਥੇ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਵੀ ਮਿਲੇਗਾ, ਉੱਥੇ ਹੀ ਨੌਜਵਾਨਾਂ ਨੂੰ ਵਿਦੇਸ਼ ਦਾ ਰੁਖ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ, 26 ਤਾਰੀਖ਼ ਤੱਕ ਬੰਦ ਰੱਖਣ ਦੇ ਹੁਕਮ
ਪੰਜਾਬ ਸਰਕਾਰ ਨੇ ਬੰਗਲੌਰ ਸਥਿਤ ਉਦਮ ਲਰਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਇਹ ਸਕੀਮ ਪਿਛਲੇ ਸਾਲ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਸੀ, ਜਿਸ ਵਿਚ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 10,000 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਬੱਚਿਆਂ ਨੂੰ ਸਰਕਾਰ ਵੱਲੋਂ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨ ਲਈ 2000-2000 ਰੁਪਏ ਦਿੱਤੇ ਸਨ, ਤਾਂ ਜੋ ਬੱਚੇ ਕੋਈ ਵੀ ਵਸਤੂ ਬਣਾਉਣ ਜਾਂ ਥੋਕ ਵਿਚ ਸਾਮਾਨ ਖ਼ਰੀਦ ਕੇ ਪ੍ਰਚੂਨ ਵਿਚ ਵੇਚਣ ਦਾ ਧੰਦਾ ਸ਼ੁਰੂ ਕਰ ਸਕਣ। ਸਰਕਾਰ ਵੱਲੋਂ ਦਿੱਤੀ ਗਈ ਰਾਸ਼ੀ ਇਕੱਠੀ ਕਰਕੇ 5-6 ਬੱਚਿਆਂ ਦੇ ਸਾਂਝੇ ਗਰੁੱਪ ਨੂੰ ਕਾਰੋਬਾਰ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਇਸ ਸਾਲ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਤਿੰਨ ਲੱਖ ਬੱਚੇ ਇਸ ਵਿਚ ਸ਼ਾਮਲ ਹੋਏ ਹਨ। ਫੰਡ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਕਾਰੋਬਾਰ ਦੀ ਸਿਖਲਾਈ ਉੱਦਮ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ ਪਨਬਸ ਨੂੰ ਲੈ ਕੇ ਆਈ ਵੱਡੀ ਖ਼ਬਰ, ਵਿਭਾਗ ਦਾ ਨਵਾਂ ਬਿਆਨ ਆਇਆ ਸਾਹਮਣੇ
ਕੀ ਹੈ ਯੋਜਨਾ
ਇਸ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਖੇਤਰ ਵਿਚ ਕਿਸੇ ਖਾਸ ਉਤਪਾਦਨ ਦੀ ਮੰਗ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਸਕੀਮ ਵਿੱਚ 14 ਤੋਂ 25 ਸਾਲ ਦੀ ਉਮਰ ਦੇ ਬੱਚੇ, ਜੋ 9ਵੀਂ ਤੋਂ 12ਵੀਂ ਜਮਾਤ ਵਿੱਚ ਪੜ੍ਹਦੇ ਹਨ, ਨੂੰ ਸ਼ਾਮਲ ਕੀਤਾ ਜਾਂਦਾ ਹੈ। ਪਿਛਲੇ ਸਾਲ ਸੰਸਥਾ ਨੇ ਇਸ ਸਿੱਖਿਆ ਅਤੇ ਰੋਜ਼ਗਾਰ ਯੋਜਨਾ ਲਈ ਇਕ ਸੂਬਾ ਟ੍ਰੇਨਰ ਨਿਯੁਕਤ ਕੀਤਾ, ਜਿਸ ਨੇ ਸੂਬੇ ਦੇ 9 ਜ਼ਿਲ੍ਹਿਆਂ ਦੇ 31 ਸਕੂਲਾਂ ਦੇ 300 ਅਧਿਆਪਕਾਂ ਨੂੰ ਜ਼ਿਲ੍ਹਾ ਟ੍ਰੇਨਰਾਂ ਰਾਹੀਂ ਸਿਖਲਾਈ ਦਿੱਤੀ। ਸਕੂਲ ਵਿੱਚ ਕਲਾਸ ਦੌਰਾਨ ਹੀ ਅਧਿਆਪਕ ਇੱਕ ਵਿਸ਼ੇਸ਼ ਪੀਰੀਅਡ ਵਿੱਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਕਾਰੋਬਾਰੀ ਸਿਖਲਾਈ ਦਿੰਦੇ ਹਨ ਅਤੇ ਫਿਰ ਬੱਚੇ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ।
ਇਹ ਵੀ ਪੜ੍ਹੋ : ਤੜਕੇ 4 ਵਜੇ ਵੱਡੀ ਗਿਣਤੀ ਪੁਲਸ ਨੇ ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਨੂੰ ਪਾਇਆ ਘੇਰਾ, ਜਾਣੋ ਕੀ ਹੈ ਪੂਰਾ ਮਾਮਲਾ
ਕਿੰਨੇ ਬੱਚੇ ਹਾਜ਼ਰ ਹੋਏ
ਪਿਛਲੇ ਸਾਲ 10,000 ਬੱਚੇ ਇਸ ਯੋਜਨਾ ਵਿਚ ਸ਼ਾਮਲ ਕੀਤੇ ਗਏ ਸਨ। ਇਸ ਸਾਲ ਤਿੰਨ ਲੱਖ ਬੱਚੇ ਇਸ ਵਿਚ ਸ਼ਾਮਲ ਕੀਤੇ ਗਏ ਹਨ ਅਤੇ ਆਉਣ ਵਾਲੇ ਸਾਲ ਵਿਚ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਇਸ ਸਕੀਮ ਵਿਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਪਰ ਕਾਰੋਬਾਰ ਸ਼ੁਰੂ ਕਰਨ ਲਈ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਹ ਰਕਮ ਦਿੱਤੀ ਜਾਂਦੀ ਹੈ। ਇਸ ਸਾਲ ਤਿੰਨ ਲੱਖ ਵਿਦਿਆਰਥੀਆਂ ਵਿਚੋਂ ਡੇਢ ਲੱਖ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 2000-2000 ਰੁਪਏ ਦਿੱਤੇ ਜਾਣੇ ਹਨ। ਪਿਛਲੇ ਸਾਲ ਦਾਖਲ ਹੋਏ 10,000 ਬੱਚਿਆਂ ਵਿਚੋਂ ਤਿੰਨ ਹਜ਼ਾਰ ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਪੜ੍ਹਾਈ ਤੋਂ ਬਾਅਦ ਫੁੱਲ-ਟਾਈਮ ਕਾਰੋਬਾਰ ਸ਼ੁਰੂ ਕਰ ਦਿੱਤਾ ਹੈ, ਜਦਕਿ ਬਾਕੀ ਅਗਲੇਰੀ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਕਾਰੋਬਾਰ ਵੀ ਜਾਰੀ ਰੱਖ ਰਹੇ ਹਨ। ਸਕੂਲਾਂ ਦੇ ਵਿਦਿਆਰਥੀ ਅਤੇ ਆਈ.ਟੀ.ਆਈ. ਦੇ ਵਿਦਿਆਰਥੀ ਇਸ ਸਕੀਮ ਵਿਚ ਸ਼ਾਮਲ ਹਨ। ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਰੋਬਾਰ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਥੇ ਹੀ ਆਈ. ਟੀ. ਆਈ ਦੇ ਵਿਦਿਆਰਥੀਆਂ ਵੱਲੋਂ ਛੋਟੇ ਉੱਦਮੀਆਂ ਅਤੇ ਬੈਂਕਾਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਉਨ੍ਹਾਂ ਲਈ ਹੀ ਉਤਪਾਦਨ ਕਰ ਸਕੇ ਅਤੇ ਇਸ ਕੰਮ ਲਈ ਬੈਂਕ ਤੋਂ ਕਰਜ਼ਾ ਵੀ ਲੈ ਸਕੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
ਕੀ ਕਹਿੰਦੇ ਹਨ ਕੋਆਰਡੀਨੇਟਰ
ਇਸ ਸਕੀਮ ਨਾਲ ਜੁੜੇ ਉਦਮ ਲਰਨਿੰਗ ਫਾਊਂਡੇਸ਼ਨ ਬੈਂਗਲੁਰੂ ਦੇ ਡਾਇਰੈਕਟਰ ਹਰੀਸ਼ ਮਨਵਾਨੀ ਨੇ ਦੱਸਿਆ ਕਿ ਸੰਸਥਾ ਵੱਲੋਂ ਨੌਜਵਾਨ ਉਦਮੀਆਂ ਨੂੰ ਤਿਆਰ ਕਰਨ ਦੀ ਇਹ ਯੋਜਨਾ ਦੇਸ਼ ਦੇ 12 ਸੂਬਿਆਂ ਵਿਚ ਚੱਲ ਰਹੀ ਹੈ, ਜਿਸ ਵਿਚ 8300 ਸਕੂਲਾਂ ਦੇ 23 ਲੱਖ ਤੋਂ ਵੱਧ ਬੱਚੇ ਅਤੇ ਆਈ. ਟੀ. ਆਈਜ਼ ਸ਼ਾਮਲ ਹਨ, ਜਿਸ ਵਿਚ ਦਿੱਲੀ ਵਿਚ 8.5 ਲੱਖ ਵਿਦਿਆਰਥੀ, ਹਰਿਆਣਾ ਵਿਚ 40,000 ਵਿਦਿਆਰਥੀ, ਉੱਤਰਾਖੰਡ ਵਿਚ ਇੱਕ ਲੱਖ ਵਿਦਿਆਰਥੀ ਸ਼ਾਮਲ ਹਨ। ਦਿੱਲੀ ਅਤੇ ਪੰਜਾਬ ਵਿਚ ਸਰਕਾਰ ਵਿਦਿਆਰਥੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਵੀ ਦੇ ਰਹੀ ਹੈ। ਮਨਵਾਨੀ ਨੇ ਦੱਸਿਆ ਕਿ ਅੱਜ ਹੀ ਹਰਿਆਣਾ ਦੇ 149 ਵਿਦਿਆਰਥੀਆਂ ਨੂੰ ਉਦਮ ਫਾਊਂਡੇਸ਼ਨ ਅਤੇ ਹਰਿਆਣਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਸਫਲਤਾਪੂਰਵਕ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਡਾਇਰੈਕਟਰ ਨੇ ਦੱਸਿਆ ਕਿ ਇਸ ਸਕੀਮ ਦਾ ਮਕਸਦ ਇਹ ਹੈ ਕਿ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਰੋਜ਼ਗਾਰ ਲਈ ਭਟਕਣਾ ਨਾ ਪਵੇ ਅਤੇ ਨਾ ਹੀ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਜਾਣਾ ਪਵੇ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਪਿੰਡਾਂ ਲਈ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8