ਜਲੰਧਰ ਵਾਸੀਆਂ ਲਈ ਚੰਗੀ ਖਬਰ, 65 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ
Wednesday, Apr 15, 2020 - 05:57 PM (IST)
ਜਲੰਧਰ (ਰੱਤਾ) : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਪੰਜਾਬ 'ਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਇਸੇ ਵਿਚਕਾਰ ਅੱਜ ਜਲੰਧਰ ਵਾਸੀਆਂ ਲਈ ਚੰਗੀ ਖਬਰ ਆਈ ਹੈ। ਬੁੱਧਵਾਰ ਨੂੰ ਜਲੰਧਰ 'ਚ ਅੱਜ 65 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਰਾਹਤ ਦੀ ਖਬਰ ਇਹ ਹੈ ਕਿ ਅੱਜ ਖਬਰ ਲਿਖੇ ਜਾਣ ਤੱਕ ਜਲੰਧਰ 'ਚ ਕੋਈ ਵੀ ਕੋਰੋਨਾ ਦਾ ਪਾਜ਼ੇਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੰਗਲਵਾਰ ਨੂੰ ਜਲੰਧਰ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਪਾਜ਼ੇਟਿਵ ਕੇਸ ਮਿਲਿਆ ਜਦੋਂਕਿ 50 ਸ਼ੱਕੀ ਰੋਗੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਤੱਕ ਮਿਲੇ ਪਾਜ਼ੇਟਿਵ ਕੇਸਾਂ ਦੀ ਗਿਣਤੀ 25 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਬਸਤੀ ਦਾਨਿਸ਼ਮੰਦਾਂ 'ਚ ਪੈਂਦੇ ਇਲਾਕੇ ਸ੍ਰੀ ਗੁਰੂ ਰਵਿਦਾਸ ਮੁਹੱਲਾ ਵਾਸੀ 72 ਸਾਲਾਂ ਜੀਤ ਲਾਲ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਜਦੋਂਕਿ ਪੈਂਡਿੰਗ ਪਈਆਂ ਰਿਪੋਰਟਾਂ 'ਚੋਂ 50 ਰੋਗੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ ►ਜਲੰਧਰ 'ਚ ਮਿਲਿਆ ਇਕ ਹੋਰ ਕੋਰੋਨਾ ਦਾ ਪਾਜ਼ੀਟਿਵ ਕੇਸ, ਗਿਣਤੀ 25 ਤੱਕ ਪਹੁੰਚੀ
ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ
ਕੋਰੋਨਾ ਵਾਇਰਸ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੂਬੇ ਦੇ ਦੋ ਜ਼ਿਲਿਆਂ ਮੋਹਾਲੀ ਅਤੇ ਜਲੰਧਰ 'ਚ ਰੈਪਿਡ ਟੈਸਟਿੰਗ ਦੀ ਸਹੂਲਤ ਨੂੰ ਅੱਜ ਲਾਂਚ ਕਰ ਦਿੱਤਾ ਹੈ, ਜਿਸ ਦੇ ਤਹਿਤ ਸਾਰੇ 17 ਹਾਟ ਸਪਾਟ ਨੂੰ ਪੜਾਅਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਡੇਰਾਬੱਸੀ ਤੋਂ ਸੈਂਪਲਿੰਗ ਲੈਣ ਦੇ ਕੰਮ ਦਾ ਸ਼ੁੱਭ-ਆਰੰਭ ਕੀਤਾ।
ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੂੰ ਲੈ ਕੇ ਮੋਹਾਲੀ ਤੇ ਜਲੰਧਰ ਤੋਂ ਰੈਪਿਡ ਟੈਸਟਿੰਗ ਸ਼ੁਰੂ, 15 ਮਿੰਟ 'ਚ ਆਵੇਗੀ ਰਿਪੋਰਟ
ਰੈਪਿਡ ਟੈਸਟਿੰਗ ਨਾਲ ਸਾਰੇ ਹਾਟ ਸਪਾਟ ਹੋਣਗੇ ਕਵਰ
ਸਿੱਧੂ ਨੇ ਕਿਹਾ ਕਿ ਰੈਪਿਡ ਟੈਸਟਿੰਗ ਨਾਲ ਸਾਰੇ ਹਾਟ ਸਪਾਟ ਨੂੰ ਕਵਰ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਪੰਜਾਬ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਆਈ. ਸੀ. ਐੱਮ. ਆਰ. ਤੋਂ ਕੋਰੋਨਾ ਵਾਇਰਸ ਟੈਸਟ ਕਰਨ ਦੀਆਂ 1000 ਰੈਪਿਡ ਟੈਸਟਿੰਗ ਕਿਟਸ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਅਤੇ ਜਲੰਧਰ ਨੂੰ 500-500 ਕਿਟਸ ਦਿੱਤੀਆਂ ਗਈਆਂ ਹਨ ਤਾਂ ਕਿ ਟੈਸਟਿੰਗ ਪ੍ਰਕਿਰਿਆ 'ਚ ਤੇਜ਼ੀ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਸੂਬੇ ਦੇ ਹੋਰ ਜ਼ਿਲਿਆਂ ਨੂੰ ਵੀ ਦਿੱਤੀ ਜਾਵੇਗੀ। ਜਿਵੇਂ-ਜਿਵੋਂ ਹੋਰ ਕਿੱਟਾਂ ਮਿਲਦੀਆਂ ਜਾਣਗੀਆਂ ਇਸ ਸਹੂਲਤ ਦਾ ਵਿਸਥਾਰ ਹੋਰ ਜ਼ਿਲਿਆਂ 'ਚ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ ► ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
ਪੰਜਾਬ 'ਚ ਕੋਰੋਨਾ ਦਾ ਕਹਿਰ
ਪੰਜਾਬ 'ਚ ਹੁਣ ਤੱਕ 186 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਦਕਿ ਕੋਰੋਨਾ ਵਾਇਰਸ ਕਾਰਨ ਨਾਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 22 ਲੋਕ ਠੀਕ ਵੀ ਹੋ ਗਏ ਹਨ। ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 56 ਕੇਸ ਹਨ। ਮਲੇਰਕੋਟਲਾ 1, ਗੁਰਦਾਸਪੁਰ ਤੋਂ 1 ਕੇਸ, ਨਵਾਂਸ਼ਹਿਰ 'ਚ ਕੋਰੋਨਾ ਦੇ 19 ਕੇਸ, ਹੁਸ਼ਿਆਰਪੁਰ ਦੇ 07 ਕੇਸ, ਜਲੰਧਰ ਦੇ 25 ਕੇਸ, ਲੁਧਿਆਣਾ 'ਚ 11 ਪਾਜ਼ੇਟਿਵ ਕੇਸ, ਅੰਮ੍ਰਿਤਸਰ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 11, ਪਟਿਆਲਾ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 3, ਰੋਪੜ 'ਚ ਕੋਰੋਨਾ ਦੇ 03 ਮਰੀਜ਼, ਮਾਨਸਾ 'ਚ 11 ਮਰੀਜ਼, ਪਠਾਨਕੋਟ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ 22, ਫਰੀਦਕੋਟ 3 ਕੇਸ, ਬਰਨਾਲਾ 'ਚ 2 ਕੇਸ, ਕਪੂਰਥਲਾ ਦਾ 1 ਕੇਸ ਪਾਜ਼ੇਟਿਵ, ਫਗਵਾੜਾ ਤੋਂ 1 ਕੇਸ, ਮੋਗਾ ਦੇ 4 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਫਤਿਹਗੜ ਸਾਹਿਬ ਦੇ 02 ਪਾਜ਼ੇਟਿਵ ਕੇਸ, ਸ੍ਰੀ ਮੁਕਤਸਰ ਸਹਿਬ 'ਚ 1, ਸੰਗਰੂਰ 'ਚ 2 ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ ► ਚੰਡੀਗੜ੍ਹ : ਪੀ. ਜੀ. ਆਈ. ਦੇ ਮੇਲ ਨਰਸ ਨੇ ਕੋਰੋਨਾ ਨੂੰ ਦਿੱਤੀ ਮਾਤ