ਸਰਕਾਰੀ ਸਕੂਲ 'ਚ ਪੜ੍ਹਦੇ 12ਵੀਂ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਾਇੰਸ ਦੀਆਂ ਕਲਾਸਾਂ 'ਚ ਮਿਲੇਗਾ ਦਾਖ਼ਲਾ

Wednesday, Jul 10, 2024 - 11:11 AM (IST)

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬਾਰ੍ਹਵੀਂ ਜਮਾਤ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਉੱਦਮ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚ ਸਾਇੰਸ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਨਵੇਂ ਸ਼ੈਸ਼ਨ ਤੋਂ ਦਾਖ਼ਲੇ ਸ਼ੁਰੂ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਨਕਲੀ ਗੁਰਦੁਆਰਾ ਸਾਹਿਬ ਬਣਾ ਕੇ ਕਰਵਾ ਰਹੇ ਸੀ ਅਨੰਦ ਕਾਰਜ, ਮੌਕੇ 'ਤੇ ਪੁੱਜ ਗਏ ਨਿਹੰਗ ਸਿੰਘ
ਜ਼ਿਕਰਯੋ ਹੈ ਕਿ ਹਲਕਾ ਵਿਧਾਇਕ ਇਸ ਸਕੂਲ ਅੰਦਰ 10 ਸਾਲ ਪ੍ਰਿੰਸੀਪਲ ਰਹਿ ਚੁੱਕੇ ਹਨ ਅਤੇ ਲੋਕਾਂ ਦੀ ਮੰਗ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਕੋਲ ਮਾਮਲਾ ਧਿਆਨ ਹਿੱਤ ਕਰਵਾਇਆ ਗਿਆ, ਜਿੱਥੇ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਆਈ. ਐੱਸ. ਨੇ ਬੁਢਲਾਡਾ ਸਮੇਤ ਪੰਜਾਬ ਦੇ 15 ਸਕੂਲਾਂ ਨੂੰ ਪ੍ਰਵਾਨਗੀ ਦਿੱਤੀ। ਸਰਕਾਰ ਦੇ ਇਸ ਫ਼ੈਸਲੇ ਕਾਰਨ ਜਿੱਥੇ ਮਾਪਿਆਂ ਅਤੇ ਵਿਦਿਆਰਥੀਆਂ ’ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਮੱਧਵਰਗੀ ਘਰਾਂ ਦੇ ਹੋਣਹਾਰ ਬੱਚੇ ਸਾਇੰਸ ਵਿਚ ਦਾਖ਼ਲਾ ਲੈ ਕੇ ਆਪਣੇ ਭਵਿੱਖ ਨੂੰ ਉੱਜਵਲ ਬਣਾਉਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਆਪ' ਦੇ ਸੀਨੀਅਰ ਆਗੂ ਪਰਦੀਪ ਛਾਬੜਾ ਦਾ ਦਿਹਾਂਤ, ਕਈ ਦਿਨਾਂ ਤੋਂ ਚੱਲ ਰਹੇ ਸੀ ਬੀਮਾਰ (ਵੀਡੀਓ)

ਸਰਕਾਰ ਦੇ ਇਸ ਫ਼ੈਸਲੇ ’ਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨੇ ਹਲਕਾ ਵਿਧਾਇਕ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਲੋਕ ਕਲਿਆਣ ਸੇਵਾ ਸੰਮਤੀ ਦੇ ਰਾਜ ਕੁਮਾਰ ਬੀਰੋਕੇ, ਭਾਰਤ ਵਿਕਾਸ ਪ੍ਰੀਸ਼ਦ ਦੇ ਅਮਿਤ ਜਿੰਦਲ, ਮਾਤਾ ਗੁਜਰੀ ਭਲਾਈ ਸੰਸਥਾ ਦੇ ਮਾ. ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਈ. ਓ., ਜੈ ਦੁਰਗਾ ਭਜਨ ਮੰਡਲ ਦੇ ਸੁਭਾਸ਼ ਕੁਮਾਰ, ਆੜ੍ਹਤੀਆ ਐਸੋਸੀਏਸ਼ਨ ਦੇ ਰਜਿੰਦਰ ਸਿੰਘ ਸੋਨੂੰ, ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਕੌਂਸਲਰ ਸੁਖਦੀਪ ਸਿੰਘ, ਐਡਵੋਕੇਟ ਚੰਦਨ ਗੁਪਤਾ, ਸੁਭਾਸ਼ ਨਾਗਪਾਲ, ਐਡਵੋਕੇਟ ਸੁਸ਼ੀਲ ਬਾਂਸਲ ਆਦਿ ਦਾ ਕਹਿਣਾ ਹੈ ਕਿ ਵਿਧਾਇਕ ਦੇ ਉੱਦਮ ਸਦਕਾ ਹਲਕੇ ਦੇ ਲੋਕਾਂ ਨੂੰ ਕਰੋੜਾਂ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ, ਮੁਹੱਲਾ ਕਲੀਨਿਕਾਂ ਤੋਂ ਬਾਅਦ ਸਿੱਖਿਆ ਦੇ ਸੁਧਾਰ ਦਾ ਉਪਰਾਲਾ ਸ਼ਲਾਘਾਯੋਗ ਹੈ।
ਸਾਇੰਸ ਕਲਾਸਾਂ ਇਲਾਕੇ ਦੀ ਤਰੱਕੀ ਅਤੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਣਗੀਆਂ : ਪ੍ਰਿੰਸੀਪਲ
ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਹਲਕਾ ਵਿਧਾਇਕ ਦੀ ਕੋਸ਼ਿਸ਼ ਸਦਕਾ ਬੁਢਲਾਡਾ ਸ਼ਹਿਰ ਦੇ ਲੜਕਿਆਂ ਵਾਲੇ ਸਕੂਲ ’ਚ ਸਾਇੰਸ ਕਲਾਸਾਂ ਸ਼ੁਰੂ ਕਰਨ ਦੇ ਸਰਕਾਰ ਦੇ ਇਸ ਫ਼ੈਸਲੇ ਨਾਲ ਹਲਕੇ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਇਹ ਸ਼ੁੱਭ ਸੰਕੇਤ ਇਲਾਕੇ ਦੀ ਤਰੱਕੀ ਅਤੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ। ਅਸੀਂ ਸਕੂਲ ਦਾ ਸਮੂਹ ਸਟਾਫ ਹਲਕਾ ਵਿਧਾਇਕ ਦਾ ਧੰਨਵਾਦੀ ਹਾਂ ਅਤੇ ਉਨ੍ਹਾਂ ਦੇ ਇਸ ਉੱਦਮ ਕਰਨ ਲਈ ਪੂਰੀ ਈਮਾਨਦਾਰੀ ਨਾਲ ਕੰਮ ਕਰਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News