ਪੰਜਾਬ 'ਚ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਲੈ ਕੇ ਚੰਗੀ ਖ਼ਬਰ, ਸਿਹਤ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

Monday, Dec 05, 2022 - 12:15 PM (IST)

ਪੰਜਾਬ 'ਚ ਗਰਭਵਤੀ ਔਰਤਾਂ ਦੇ ਜਣੇਪੇ ਨੂੰ ਲੈ ਕੇ ਚੰਗੀ ਖ਼ਬਰ, ਸਿਹਤ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ (ਸ਼ਰਮਾ) : ਪੰਜਾਬ ਨੇ ਜਣੇਪੇ ਦੌਰਾਨ ਮਾਵਾਂ ਦੀ ਮੌਤ ਦਰ ਘੱਟ ਕਰਨ 'ਚ ਬਹੁਤ ਤਰੱਕੀ ਕੀਤੀ ਹੈ। ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਉਕਤ ਜਾਣਕਾਰੀ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੈ। ਪੰਜਾਬ 'ਚ ਗਰਭ ਅਵਸਥਾ ਦੌਰਾਨ ਮਾਵਾਂ ਦੀ ਮੌਤ ਦਰ 129 ਤੋਂ ਘਟ ਕੇ 105 ਤੱਕ ਆ ਗਈ ਹੈ, ਜੋ ਕਿ 13.93 ਫ਼ੀਸਦੀ ਦੀ ਕਮੀ ਦਰਸਾਉਂਦੀ ਹੈ। ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਐੱਮ. ਐੱਮ. ਆਰ. ਸੂਬੇ ਦੇ ਸਿਹਤ ਅਤੇ ਸਮਾਜਿਕ ਆਰਥਿਕ ਵਿਕਾਸ ਦਾ ਮੁੱਖ ਸੂਚਕ ਹੈ ਅਤੇ ਪੰਜਾਬ ਅਜਿਹੀਆਂ ਪ੍ਰਾਪਤੀਆਂ ਕਰਕੇ ਨਵੀਆਂ ਲੀਹਾਂ ਪਾ ਰਿਹਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਾਸਟਿਕ ਡੋਰ ਦਾ ਕਹਿਰ, ਰਾਹ ਜਾਂਦੇ ਵਿਅਕਤੀ ਨੂੰ ਬੁਰੀ ਤਰ੍ਹਾਂ ਕੀਤਾ ਲਹੂ-ਲੁਹਾਨ, ਪੁੱਜਿਆ ਹਸਪਤਾਲ

ਐੱਮ. ਐੱਮ. ਆਰ. 'ਚ ਇਸ ਲਗਾਤਾਰ ਕਮੀ ਦੇ ਨਾਲ, ਅਸੀਂ 2030 ਤੱਕ 70 ਪ੍ਰਤੀ ਲੱਖ ਜੀਵੰਤ ਜਨਮ ਦੇ ਸਥਾਈ ਵਿਕਾਸ ਟੀਚੇ (ਐੱਸ. ਡੀ. ਜੀ.) ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹਾਂ। ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ 'ਚ ਸੂਬੇ ਦੇ ਸਿਹਤ ਢਾਂਚੇ 'ਚ ਸੁਧਾਰ ਲਈ ਕੀਤੇ ਜਾ ਰਹੇ ਜ਼ਬਰਦਸਤ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ। ਜੌੜਾਮਾਜਰਾ ਨੇ ਮਾਵਾਂ ਦੀਆਂ ਮੌਤਾਂ ਦੇ ਕਾਰਣਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਔਰਤਾਂ ਦੀ ਜਣਨ ਉਮਰ (18 ਤੋਂ 39 ਸਾਲ) ਦੌਰਾਨ ਮੌਤ ਦੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਅਨੀਮੀਆ, ਜਣੇਪੇ ਤੋਂ ਬਾਅਦ ਖੂਨ ਵਗਣਾ, ਮਲਟੀਪਲ ਪ੍ਰੈਗਨੈਂਸੀਜ਼, ਬੱਚਿਆਂ ਦੇ ਜਨਮ 'ਚ ਸਮੇਂ ਦਾ ਘੱਟ ਫ਼ਾਸਲਾ ਅਤੇ ਮਾੜੇ ਪਰਿਵਾਰ ਨਿਯੋਜਨ ਢੰਗ ਆਦਿ। ਪੰਜਾਬ ਦੇ ਸਿਹਤ ਵਿਭਾਗ ਵੱਲੋਂ ਭਵਿੱਖ 'ਚ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਐੱਸ. ਡੀ. ਜੀ. ਟੀਚਿਆਂ ਅਨੁਸਾਰ ਮਾਵਾਂ ਦੀ ਮੌਤ ਦਰ ਨੂੰ ਹੋਰ ਘਟਾਉਣ ਲਈ ਸੁਹਿਰਦਤਾ ਨਾਲ ਯਤਨਸ਼ੀਲ ਰਹੇਗਾ।

ਇਹ ਵੀ ਪੜ੍ਹੋ : ਹੈਵਾਨ ਬਣੇ ਪਿਓ ਦੀ ਦਰਿੰਦਗੀ ਸਹਿੰਦੀ ਰਹੀ ਮਾਸੂਮ ਧੀ, ਸਾਲ ਬਾਅਦ ਵੱਡਾ ਜੇਰਾ ਕਰ ਜੱਗ-ਜ਼ਾਹਰ ਕੀਤਾ ਗੰਦਾ ਸੱਚ

ਉਨ੍ਹਾਂ ਕਿਹਾ ਕਿ ਸੀਜ਼ੇਰੀਅਨ ਸੈਕਸ਼ਨ ਰਾਹੀਂ ਜਣੇਪੇ ਦੀ ਥਾਂ ਆਮ ਜਣੇਪੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਇਕ ਨਵਾਂ ਕੇਡਰ ਵੀ ਲਿਆ ਰਿਹਾ ਹੈ-ਨਰਸ ਪ੍ਰੈਕਟੀਸ਼ਨਰ ਇਨ ਮਿਡਵਾਈਫਰੀ (ਐੱਨ. ਪੀ. ਐੱਮ.)। ਇਸ ਦੇ ਲਈ ਪਟਿਆਲਾ ਦੇ ਮਾਤਾ ਕੌਸ਼ੱਲਿਆ ਸਕੂਲ ਆਫ਼ ਨਰਸਿੰਗ ਵਿਖੇ ਨੈਸ਼ਨਲ ਮਿਡਵਾਈਫਰੀ ਟ੍ਰੇਨਿੰਗ ਇੰਸਟੀਚਿਊਟ (ਐੱਨ. ਐੱਮ. ਟੀ. ਆਈ.) ਸ਼ੁਰੂ ਕੀਤਾ ਗਿਆ ਹੈ, ਜਿੱਥੇ ਸੂਬਾ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੇ ਸਹਿਯੋਗ ਨਾਲ ਮਿਡਵਾਈਫਰੀ ਐਜੂਕੇਟਰਜ਼ ਦੇ ਪਹਿਲੇ ਬੈਚ ਨੂੰ ਪੜ੍ਹਾਉਣ ਲਈ ਨਿਊਜ਼ੀਲੈਂਡ, ਇੰਗਲੈਂਡ ਅਤੇ ਕੀਨੀਆ ਤੋਂ ਅੰਤਰਰਾਸ਼ਟਰੀ ਮਿਡਵਾਈਫਰੀ ਐਜੂਕੇਟਰ ਵੀ ਲਿਆਂਦੇ ਗਏ ਹਨ। ਇਸ ਮੰਤਵ ਲਈ ਚੁਣੇ ਗਏ 16 ਸੂਬਿਆਂ 'ਚੋਂ ਪੰਜਾਬ ਇਸ ਵੱਕਾਰੀ ਸੰਸਥਾ ਨੂੰ ਸ਼ੁਰੂ ਕਰਨ ਵਾਲਾ ਤੀਜਾ ਸੂਬਾ ਹੈ। ਇਸ ਤੋਂ ਇਲਾਵਾ ਪੰਜਾਬ ਵਿਸਤ੍ਰਿਤ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਰਤਵ ਅਭਿਆਨ (ਪੀ. ਐੱਮ. ਐੱਸ. ਐੱਮ. ਏ.) ਨੂੰ ਸਫ਼ਲਤਾ ਪੂਰਵਕ ਲਾਗੂ ਕਰ ਰਿਹਾ ਹੈ, ਜਿਸ ਰਾਹੀਂ ਸਾਰੀਆਂ ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵਾਧੂ ਤਿੰਨ ਏ. ਐੱਨ. ਸੀ. ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜੋ ਕਿ ਨਜ਼ਦੀਕੀ ਸਿਹਤ ਸੰਸਥਾ ਵਿਖੇ ਮੈਡੀਕਲ ਅਫ਼ਸਰ ਵੱਲੋਂ ਕੀਤੀਆਂ ਜਾਂਦੀਆਂ ਹਨ। ਗਰਭਵਤੀ ਔਰਤ ਨੂੰ ਟਰਾਂਸਪੋਰਟ ਸਹਾਇਤਾ ਵਜੋਂ ਪ੍ਰਤੀ ਵਿਜ਼ਟ 100 ਰੁਪਏ ਦਿੱਤੇ ਜਾਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News