ਦਿਨ-ਦਿਹਾੜੇ ਘਰ ’ਚੋਂ 18 ਤੋਲੇ ਸੋਨੇ ਦੇ ਗਹਿਣੇ ਤੇ 45 ਹਜ਼ਾਰ ਦੀ ਨਕਦੀ ਚੋਰੀ
Tuesday, Apr 25, 2023 - 02:37 PM (IST)
ਬਨੂੜ (ਗੁਰਪਾਲ) : ਨੇੜਲੇ ਪਿੰਡ ਮਠਿਆੜਾ ਦੇ ਵਸਨੀਕ ਕਸ਼ਮੀਰ ਸਿੰਘ ਦੇ ਘਰ ’ਚੋਂ ਅਣਪਛਾਤੇ ਵਿਅਕਤੀ ਦਿਨ-ਦਿਹਾੜੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਕਸ਼ਮੀਰ ਸਿੰਘ ਨੇ ਦੱਸਿਆ ਕਿ ਘਟਨਾ ਸਵੇਰੇ 10 ਤੋਂ 11 ਵਜੇ ਦੇ ਵਿਚਾਲੇ ਵਾਪਰੀ ਹੈ। ਉਸ ਦੀ ਪਤਨੀ 9 ਕੁ ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਪਿੰਡ ’ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ’ਚ ਸ਼ਾਮਲ ਹੋਣ ਲਈ ਚਲੇ ਗਏ। ਕਰੀਬ 10 ਵਜੇ ਉਹ ਆਪਣੇ ਮਕਾਨ ਨੂੰ ਜਿੰਦਰਾ ਲਗਾ ਕੇ ਬਨੂੜ ਨੂੰ ਚਲੇ ਗਏ।
ਉਨ੍ਹਾਂ ਦੱਸਿਆ ਕਿ 11 ਵਜੇ ਦੇ ਕਰੀਬ ਜਦੋਂ ਉਸ ਦੀ ਪਤਨੀ ਗੁਰਦੁਆਰਾ ਸਾਹਿਬ ਤੋਂ ਘਰ ਪਹੁੰਚੀ ਤਾਂ ਦੇਖਿਆ ਕਿ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਪਿਆ ਸੀ। ਉਸ ਦੀ ਪਤਨੀ ਅੰਦਰ ਵੜੀ ਤਾਂ ਦੇਖਿਆ ਕਿ ਅਲਮਾਰੀਆਂ, ਬੈੱਡਾਂ ’ਤੇ ਪੇਟੀਆਂ ’ਚੋਂ ਸਾਮਾਨ ਖਿਲਰਿਆ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਮੈਨੂੰ ਫੋਨ ਕੀਤਾ। ਜਦੋਂ ਉਹ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਅਲਮਾਰੀ ’ਚ ਪਈ 18 ਤੋਲੇ ਸੋਨੇ ਦੇ ਗਹਿਣੇ ਅਤੇ 45 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਦੇ ਮੁੱਖ ਦਰਵਾਜ਼ੇ, ਬੈੱਡਾਂ, ਅਲਮਾਰੀ ਤੇ ਪੇਟੀਆਂ ਨੂੰ ਚਾਬੀਆਂ ਨਾਲ ਖੋਲ੍ਹਿਆ ਗਿਆ ਹੈ। ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਇਸ ਘਟਨਾ ਦੀ ਬਾਰੇ ਜਾਣਕਾਰੀ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਤੇ ਥਾਣਾ ਬਨੂੜ ਦੀ ਪੁਲਸ ਨੂੰ ਦਿੱਤੀ। ਪੀੜਤ ਪਰਿਵਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ 11 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਇਸ ਤੋਂ ਬਾਅਦ ਥਾਣਾ ਬਨੂੜ ਦੀ ਪੁਲਸ ਨੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ।
ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਐੱਸ. ਆਈ. ਰਾਮ ਕਿਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਉਸ ਤੋਂ ਬਾਅਦ ਹੀ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਏਗੀ। ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਜਿਸ ਥਾਂ ’ਤੇ ਇਹ ਘਟਨਾ ਵਾਪਰੀ ਉਹ ਪਿੰਡ ਮਠਿਆੜਾ ਵਿਚ ਸੰਘਣੀ ਆਬਾਦੀ ਵਾਲੀ ਥਾਂ ’ਤੇ ਹੈ। ਘਣੀ ਆਬਾਦੀ ਵਾਲੀ ਥਾਂ ’ਤੇ ਇਸ ਘਟਨਾ ਦਾ ਵਾਪਰ ਜਾਣਾ ਪਿੰਡ ਵਾਸੀਆਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।