MP ਵਿਕਰਮਜੀਤ ਸਾਹਨੀ ਦਾ ਦਾਅਵਾ, ਓਮਾਨ ’ਚ ਫਸੀਆਂ 25 ਕੁੜੀਆਂ ਜਲਦ ਲਿਆਂਦੀਆਂ ਜਾਣਗੀਆਂ ਪੰਜਾਬ

Wednesday, May 03, 2023 - 11:44 AM (IST)

MP ਵਿਕਰਮਜੀਤ ਸਾਹਨੀ ਦਾ ਦਾਅਵਾ, ਓਮਾਨ ’ਚ ਫਸੀਆਂ 25 ਕੁੜੀਆਂ ਜਲਦ ਲਿਆਂਦੀਆਂ ਜਾਣਗੀਆਂ ਪੰਜਾਬ

ਚੰਡੀਗੜ੍ਹ (ਰਮਨਜੀਤ ਸਿੰਘ) : ਰਾਜ ਸਭਾ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਮਸਕਟ (ਓਮਾਨ) ਵਿਚ ਭਾਰਤੀ ਦੂਤਘਰ ਨਾਲ ਤਾਲਮੇਲ ਕਰਕੇ ਓਮਾਨ ਵਿਚ ਫਸੀਆਂ ਪੰਜਾਬੀ ਕੁੜੀਆਂ ਨੂੰ ਬਾਹਰ ਕੱਢਣਗੇ ਤੇ ਵਾਪਸ ਪੰਜਾਬ ਲੈ ਕੇ ਆਉਣਗੇ। ਇਸ ਬਾਰੇ ਸੰਸਦ ਮੈਂਬਰ ਸਾਹਨੀ ਨੇ ਦੱਸਿਆ ਕਿ ਇਸ ਵੇਲੇ 25 ਦੇ ਕਰੀਬ ਪੰਜਾਬੀ ਕੁੜੀਆਂ ਓਮਾਨ ’ਚ ਫਸੀਆਂ ਹੋਈਆਂ ਹਨ। ਉਹ ਸਾਰੀਆਂ ਜਾਂ ਤਾਂ ਵਿਜ਼ਿਟਰ ਵੀਜ਼ੇ ’ਤੇ ਓਮਾਨ ਗਈਆਂ ਤੇ ਨਾਜਾਇਜ਼ ਪ੍ਰਵਾਸੀ ਬਣ ਗਈਆਂ ਜਾਂ ਰੁਜ਼ਗਾਰ ਵੀਜ਼ੇ ਤਹਿਤ ਨੌਕਰਾਣੀ ਬਣ ਕੇ ਚਲੀਆਂ ਗਈਆਂ ਤੇ ਸੋਸ਼ਣ ਦੇ ਕਾਰਣ ਉਨ੍ਹਾਂ ਆਪਣੀ ਨੌਕਰੀ ਛੱਡ ਦਿੱਤੀ।

ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ

ਸਾਹਨੀ ਨੇ ਓਮਾਨ ਵਿਚ ਭਾਰਤੀ ਰਾਜਦੂਤ ਅਮਿਤ ਨਾਰੰਗ ਨਾਲ ਵਿਸਥਾਰ ਵਿਚ ਚਰਚਾ ਕਰਦਿਆਂ ਕਿਹਾ ਕਿ ਔਸਤਨ, ਇਕ ਰੁਜ਼ਗਾਰਦਾਤਾ ਹਰ ਕੁੜੀ ਲਈ ਲਗਭਗ 1000 ਓਮਾਨੀ ਰਿਆਲ ਦੇ ਮੁਆਵਜ਼ੇ ਅਤੇ ਜੁਰਮਾਨੇ ਦੀ ਮੰਗ ਕਰ ਰਿਹਾ ਹੈ, ਜੋ ਕਿ ਲਗਭਗ 2.5 ਲੱਖ ਭਾਰਤੀ ਰੁਪਏ ਬਣਦੇ ਹਨ। ਅਜਿਹਾ ਨਾ ਕਰਨ ’ਤੇ ਮਾਲਕ ਇਨ੍ਹਾਂ ਕੁੜੀਆਂ ’ਤੇ ਚੋਰੀ ਦਾ ਦੋਸ਼ ਲਗਾਉਂਦਿਆਂ ਅਦਾਲਤ ਵਿਚ ਕਾਨੂੰਨੀ ਕੇਸ ਦਾਇਰ ਕਰਦੇ ਹਨ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜੇ ਦੋ ਪਰਿਵਾਰ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 2 ਨੌਜਵਾਨਾਂ ਦੀ ਮੌਤ

ਸਾਹਨੀ ਨੇ ਰੁਜ਼ਗਾਰਦਾਤਾਵਾਂ ਨੂੰ ਖ਼ੁਦ ਪੂਰੇ ਜੁਰਮਾਨੇ ਅਤੇ ਮੁਆਵਜ਼ੇ ਦੀ ਰਕਮ ਦਾ ਭੁਗਤਾਨ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਇਨ੍ਹਾਂ ਕੁੜੀਆਂ ਨੂੰ ਤੁਰੰਤ ਬਾਹਰ ਕੱਢ ਕੇ ਪੰਜਾਬ ਲਿਆਂਦਾ ਜਾ ਸਕੇ। 'ਭਾਰਤੀ ਅੰਬੈਸੀ ਅਤੇ ਵਿਸ਼ਵ ਪੰਜਾਬੀ ਸੰਸਥਾ, ਓਮਾਨ ਚੈਪਟਰ' ਇਸ ਲਈ ਜ਼ਮੀਨੀ ਪੱਧਰ ’ਤੇ ਤਾਲਮੇਲ ਕਰ ਰਹੇ ਹਨ ਅਤੇ ਫ਼ੀਸਾਂ ਅਤੇ ਮੁਆਵਜ਼ੇ ਦੀ ਅਦਾਇਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਹਰ ਸੰਭਵ ਯਤਨ ਕਰਕੇ ਇਨ੍ਹਾਂ ਕੁੜੀਆਂ ਨੂੰ ਪੰਜਾਬ ਵਿਚ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News