ਕੁੜੀਆਂ ਨੂੰ ਵੀ ਸਮਾਨਤਾ ਦਾ ਅਧਿਕਾਰ ਮਿਲਣਾ ਜ਼ਰੂਰੀ: ਡੀ. ਸੀ
Tuesday, Jan 21, 2020 - 09:32 PM (IST)
ਮਾਨਸਾ,(ਮਿੱਤਲ): ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਸਪਤਾਹ ਦੀ ਸ਼ੁਰੂਆਤ ਸਿੱਖਿਆ ਵਿਭਾਗ ਵੱਲੋਂ ਜਾਗਰੂਕਤਾ ਰੈਲੀਆਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਪ੍ਰਭਾਤਫੇਰੀਆਂ ਦਾ ਆਯੋਜਨ ਕਰਕੇ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ ਚਾਹੇ ਉਹ ਸਿੱਖਿਆ ਦਾ ਅਧਿਕਾਰ ਹੋਵੇ ਚਾਹੇ ਉਹ ਕਿਸੇ ਵੀ ਖੇਤਰ ਵਿਚ ਹੁਨਰ ਰੱਖਦੀਆਂ ਕੁੜੀਆਂ ਲਈ ਅੱਗੇ ਵਧਣ ਦਾ ਮੌਕਾ ਹੋਵੇ, ਕੁੜੀਆਂ ਨੂੰ ਹਰ ਖੇਤਰ ਵਿਚ ਅੱਗੇ ਵਧਣ ਲਈ ਮੁੰਡਿਆਂ ਵਾਂਗ ਹੀ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਬੇਟੀ ਬਚਾਓ, ਬੇਟੀ ਪੜ੍ਹਾਓ ਸਪਤਾਹ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਿੱਥੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਦੀਆਂ ਵਿਦਿਆਰਥਣਾਂ ਵੱਲੋਂ ਜਾਗਰੂਕਤਾ ਰੈਲੀ ਕੱਢਦਿਆਂ ਭਰੂਣ ਹੱਤਿਆ ਬੰਦ ਕਰੋ ਅਤੇ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਗਿਆ ਉੱਥੇ ਹੀ ਆਂਗਣਵਾੜੀ ਕੇਂਦਰਾਂ ਵੱਲੋਂ ਪਿੰਡ ਖੀਵਾ ਕਲਾਂ ਅਤੇ ਭੀਖੀ ਦੇ ਵਾਰਡ ਨੰਬਰ 9,11 ਅਤੇ 12 ਵਿਖੇ ਪ੍ਰਭਾਤਫੇਰੀਆਂ ਕੱਢੀਆਂ ਗਈਆਂ। ਇਸ ਤੋਂ ਇਲਾਵਾ ਪਿੰਡ ਖੁਡਾਲ ਕਲਾਂ ਬਲਾਕ ਬੁਢਲਾਡਾ ਵਿਖੇ ਘਰ-ਘਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੁਨੇਹਾ ਪਹੁੰਚਾਉਂਦਿਆਂ ਸਟੀਕਰ ਵੀ ਲਗਾਏ ਗਏ।
ਉਨ੍ਹਾਂ ਦੱਸਿਆ ਕਿ ਇਸ ਸਪਤਾਹ ਤਹਿਤ ਅੱਗੇ ਨਿਰੰਤਰ ਗਤੀਵਿਧੀਆਂ ਜਾਰੀ ਰਹਿਣਗੀਆਂ ਜਿਸ ਤਹਿਤ 22 ਜਨਵਰੀ ਨੂੰ ਲੜਕੀਆਂ ਦੇ ਸਕੂਲਾਂ ਵਿਚ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ, 23 ਜਨਵਰੀ ਨੂੰ ਜ਼ਿਲੇ ਦੇ ਕਾਲਜ ਅਤੇ ਸਰਕਾਰੀ ਸਕੂਲਾਂ ਵਿਚ ਔਰਤਾਂ ਦੇ ਅਧਿਕਾਰਾਂ, ਵਨ ਸਟੋਪ ਸੈਂਟਰ, ਪੋਕਸੋ ਐਕਟ, ਬਾਲ ਸੁਰੱਖਿਆ ਪਾਲਿਸੀ, ਮਹਿਲਾ ਸ਼ਸ਼ਕਤੀਕਰਣ ਆਦਿ ਵਿਸ਼ੇ ਤੇ ਵਰਕਸ਼ਾਪ ਕਰਵਾਈਆਂ ਜਾਣਗੀਆਂ। 24 ਜਨਵਰੀ ਨੂੰ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਤੇ ਸੈਮੀਨਾਰ ਅਤੇ 25 ਜਨਵਰੀ ਨੂੰ ਨੈਸ਼ਨਲ ਵੋਟਰ ਦਿਵਸ ਵਾਲੇ ਦਿਨ ਲੜਕੀਆਂ ਨੂੰ ਸ਼ਾਮਲ ਕਰਕੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਜ਼ਿਲੇ ਵਿਚ ਪ੍ਰਾਈਵੇਟ ਅਤੇ ਸਰਕਾਰੀ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨ ਵਾਲੀਆਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰਣਾ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਨਾਲ ਸਮਾਜ ਵਿਚ ਇਕ ਚੰਗਾ ਸੰਦੇਸ਼ ਜਾਵੇਗਾ।