ਮਾਮਲਾ 2 ਨੌਜਵਾਨਾਂ ਵੱਲੋਂ 6 ਲੜਕੀਆਂ 'ਤੇ ਤੇਜ਼ਾਬ ਸੁੱਟਣ ਦਾ, ਅਦਾਲਤ ਨੇ ਸੁਣਾਇਆ ਫੈਸਲਾ
Wednesday, Feb 28, 2018 - 05:18 PM (IST)

ਗੁਰਦਾਸਪੁਰ (ਦੀਪਕ, ਗੁਰਪ੍ਰੀਤ) - 16 ਮਾਰਚ 2016 ਨੂੰ ਡੇਰਾ ਬਾਬਾ ਨਾਨਕ ਕਸਬੇ ਨੇੜੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਸਿੱਖਿਆ ਪ੍ਰਾਪਤ ਕਰਦੀਆਂ 8ਵੀਂ ਕਲਾਸ ਦੀਆਂ 6 ਵਿਦਿਆਰਥਣਾਂ 'ਤੇ 2 ਨੌਜਵਾਨਾਂ ਵੱਲੋਂ ਤੇਜ਼ਾਬ ਸੁੱਟ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦੇਣ ਸਬੰਧੀ ਅੱਜ ਸਥਾਨਕ ਅਦਾਲਤ ਨੇ ਕੇਸ ਦਾ ਫੈਸਲਾ ਸੁਣਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਐਡੀਸ਼ਨਲ ਜੱਜ ਗੁਰਜੰਟ ਸਿੰਘ ਨੇ ਦੋਸ਼ੀ ਸਾਜਨ ਸਮੀਹ ਨੂੰ 18 ਸਾਲ ਤੇ 1 ਲੱਖ ਤੱਕ ਦਾ ਜੁਰਮਾਨਾ, ਦੋਸ਼ੀ ਲਵਪ੍ਰੀਤ ਸਿੰਘ ਨੂੰ 15 ਸਾਲ ਤੇ 1 ਲੱਖ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਦੋਸ਼ੀ ਸੰਤੋਖ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਸਪਤਾਲ 'ਚ ਇਲਾਜ ਅਧੀਨ ਪ੍ਰਭਜੋਤ ਕੌਰ ਪੁੱਤਰੀ ਨਰਿੰਦਰ ਸਿੰਘ ਨਿਵਾਸੀ ਪਿੰਡ ਧਰਮਾਬਾਦ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਹ 8ਵੀਂ ਕਲਾਸ ਦੀ ਪ੍ਰੀਖਿਆ ਦੇਣ ਉਪਰੰਤ ਆਪਣੀਆਂ 5 ਹੋਰ ਸਾਥਣਾਂ ਆਸ਼ਾ ਰਾਣੀ, ਮਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਗਗਨ, ਸੁਖਮਨਪ੍ਰੀਤ ਕੌਰ ਸਾਰੇ ਨਿਵਾਸੀ ਪਿੰਡ ਧਰਮਾਬਾਦ ਨਾਲ ਵਾਪਸ ਘਰ ਜਾ ਰਹੀ ਸੀ ਕਿ ਰਸਤੇ 'ਚ 2 ਨੌਜਵਾਨ, ਜੋ ਡਰੇਨ ਦੇ ਪੁਲ ਉਪਰ ਮੋਟਰਸਾਈਕਲ 'ਤੇ ਤੇਜ਼ਾਬ ਲੈ ਕੇ ਖੜ੍ਹੇ ਸਨ, ਨੇ ਉਨ੍ਹਾਂ 'ਤੇ ਤੇਜ਼ਾਬ ਸੁੱਟ ਦਿੱਤਾ। ਸਾਡੇ ਵੱਲੋਂ ਰੌਲਾ ਪਾਉਣ 'ਤੇ ਨੌਜਵਾਨ ਭੱਜ ਗਏ ਸਨ ਤੇ ਸਥਾਨਕ ਲੋਕਾਂ ਨੇ ਹਸਪਤਾਲ ਡੇਰਾ ਬਾਬਾ ਨਾਨਕ ਪਹੁੰਚਿਆ ਸੀ। ਪ੍ਰਭਜੋਤ ਕੌਰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ। ਪੁਲਸ ਨੇ ਪੀੜਤ ਲੜਕੀਆਂ ਦੇ ਬਿਆਨਾਂ 'ਤੇ ਸਾਜਨ ਮਸੀਹ ਪੁੱਤਰ ਮੇਜਰ ਮਸੀਹ ਪਿੰਡ ਕੁੜਾਂਵਾਲੀ ਤੇ ਦੂਜੇ ਅਣਪਛਾਤੇ ਨੌਜਵਾਨ 'ਤੇ ਮਾਮਲਾ ਦਰਜ ਕੀਤਾ ਸੀ।