ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਪ੍ਰੇਮਿਕਾ ਗ੍ਰਿਫ਼ਤਾਰ
Wednesday, Apr 16, 2025 - 12:32 AM (IST)
 
            
            ਨਿਊ ਚੰਡੀਗੜ੍ਹ (ਬੱਤਾ) - ਨੌਜਵਾਨ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਵਾਲੀ ਪ੍ਰੇਮਿਕਾ ’ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਹ ਕਾਰਵਾਈ ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨ ਤੇ ਰਿਕਾਰਡਿੰਗ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ਿਵਾਲਿਕ ਵਿਹਾਰ ਛੋਟੀ ਕਰੌਰਾਂ ਦੀ ਬਲਵਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਤੀ ਸੁਖਵਿੰਦਰ ਸਿੰਘ ਲਾਡੀ ਦੇ ਔਰਤ ਨਾਲ ਸਬੰਧ ਸਨ। ਔਰਤ ਵੱਲੋਂ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰਨ ’ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਲਾਡੀ ਤੇ ਬਲਵਿੰਦਰ ਕੌਰ ਵਿਚਾਲੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਇਸ ’ਚ ਲਾਡੀ ਦੱਸ ਰਿਹਾ ਸੀ ਕਿ ਔਰਤ ਨੇ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਤੇ ਇਸ ਕਾਰਨ ਉਸਦਾ ਕੰਮ ਠੱਪ ਹੋ ਗਿਆ ਸੀ। ਉਸਦੇ ਹੋਰਾਂ ਨਾਲ ਵੀ ਸਬੰਧ ਸਨ। ਉਹ ਉਸ ਨੂੰ ਮਰਨ ਲਈ ਮਜਬੂਰ ਕਰ ਰਹੀ ਹੈ।
ਲਾਡੀ ਦਸਮੇਸ਼ ਨਗਰ ਵਿਖੇ ਨਾਡਾ ਰੋਡ ’ਤੇ ਕਿਰਾਏ ’ਤੇ ਥਾਂ ਲੈ ਕੈ ਲਾਡੀ ਕਾਰ ਵਾਸ਼ਿੰਗ ਸਰਵਿਸ ਸਟੇਸ਼ਨ ਚਲਾ ਰਿਹਾ ਸੀ। ਅਚਾਨਕ ਜਦੋਂ ਦੋਸਤ ਉੱਥੇ ਆਇਆ, ਤਾਂ ਉਸ ਨੇ ਦੇਖਿਆ ਕਿ ਲਾਡੀ ਦਰਦ ਨਾਲ ਤੜਫ਼ ਰਿਹਾ ਸੀ ਤੇ ਉਸਦੇ ਹੱਥ ’ਚ ਸਲਫਾਸ ਦੀਆਂ ਗੋਲੀਆਂ ਦੀ ਬੋਤਲ ਸੀ। ਇਸ ’ਚੋਂ ਲਾਡੀ ਨੇ ਤਿੰਨ ਗੋਲੀਆਂ ਨਿਗਲ ਲਈਆਂ ਸਨ। ਦੋਸਤ ਉਸ ਨੂੰ ਸੈਕਟਰ-16 ਚੰਡੀਗੜ੍ਹ ਜਨਰਲ ਹਸਪਤਾਲ ਲੈ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਚਾਰ ਸਾਲ ਦੀ ਧੀ ਤੇ ਦੋ ਸਾਲ ਦਾ ਪੁੱਤਰ ਛੱਡ ਗਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            