9ਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਸ ਸਾਹਮਣੇ ਦਿੱਤਾ ਬਿਆਨ, ਸੁਣ ਮਾਪਿਆਂ ਦੇ ਵੀ ਉੱਡੇ ਹੋਸ਼

Saturday, Jul 01, 2017 - 07:33 PM (IST)

9ਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਸ ਸਾਹਮਣੇ ਦਿੱਤਾ ਬਿਆਨ, ਸੁਣ ਮਾਪਿਆਂ ਦੇ ਵੀ ਉੱਡੇ ਹੋਸ਼

ਖਰੜ (ਗਗਨਦੀਪ) : ਨਜ਼ਦੀਕੀ ਪਿੰਡ ਸਿੱਲ ਦੀ 9ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨੇ ਪਿੰਡ ਦੇ ਤਿੰਨ ਨੌਜਵਾਨਾਂ ਵਲੋਂ ਉਸ ਨਾਲ ਜ਼ਬਰਦਸਤੀ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਲਗਾਏ ਹਨ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਦਿਆਰਥਣ ਰਾਣੀ (ਕਾਲਪਨਿਕ ਨਾਮ) ਨੇ ਦੱਸਿਆ ਕਿ ਮਾਰਚ 2017 ਦੌਰਾਨ ਜਦੋਂ ਉਹ ਪਿੰਡ ਗੜਾਂਗਾਂ ਦੇ ਸਰਕਾਰੀ ਸਕੂਲ ਵਿਚ 8ਵੀਂ ਜਮਾਤ ਦੇ ਪੇਪਰ ਦੇ ਰਹੀ ਸੀ ਤਾਂ ਪਹਿਲੇ ਪੇਪਰ ਵਾਲੇ ਦਿਨ ਘਰ ਵਾਪਸ ਆਉਂਦੇ ਸਮੇਂ ਪਿੰਡ ਦੇ ਉਕਤ ਤਿੰਨ ਲੜਕਿਆਂ ਅਤੇ ਇਕ ਅਣਪਛਾਤੀ ਔਰਤ ਨੇ ਮੈਨੂੰ ਰਸਤੇ ਵਿਚ ਪੈਂਦੇ ਸੂਏ ਨਜ਼ਦੀਕ ਘੇਰ ਲਿਆ। ਇਸ ਦੌਰਾਨ ਔਰਤ ਨੇ ਧਮਕੀ ਦਿੱਤੀ ਕਿ ਜੇਕਰ ਮੈਂ ਉਕਤ ਤਿੰਨ ਲੜਕਿਆਂ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਮੈਨੂੰ ਜਾਨੋ ਮਾਰ ਦੇਣਗੇ। ਇਸ 'ਤੇ ਉਕਤ ਲੋਕ ਉਸ ਨੂੰ ਖਿੱਚਕੇ ਨਜ਼ਦੀਕੀ ਖੇਤਾਂ ਵਿਚ ਬਣੀ ਇਕ ਮੋਟਰ 'ਤੇ ਲੈ ਗਏ ਜਿੱਥੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਵਾਰੀ-ਵਾਰੀ ਧੱਕੇ ਨਾਲ ਬਲਾਤਕਾਰ ਕੀਤਾ।
ਪੀੜਤਾ ਨੇ ਦੱਸਿਆ ਕਿ ਉਪਰੋਤਕ ਤਿੰਨਾਂ ਨੇ ਮੈਨੂੰ ਇਸ ਘਟਨਾ ਸਬੰਧੀ ਕਿਸੇ ਨੂੰ ਵੀ ਦੱਸਣ 'ਤੇ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ। ਪੀੜਤ ਲੜਕੀ ਨੇ ਆਪਣੇ ਬਿਆਨਾਂ ਵਿਚ ਉਸ ਦਿਨ ਹੋਈ ਧੱਕੇਸ਼ਾਹੀ ਦੌਰਾਨ ਉਸਦੀ ਬਾਂਹ ਟੁੱਟ ਜਾਣ ਅਤੇ ਉਸਦੇ ਕੱਪੜੇ ਫਟਣ ਦੀ ਗੱਲ ਵੀ ਕਹੀ ਹੈ। ਪੀੜਤ ਲੜਕੀ ਨੇ ਔਰਤ ਸਮੇਤ ਤਿੰਨੇ ਨੌਜਵਾਨਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਸਥਾਨਕ ਪੱਤਰਕਾਰ ਥਾਣਾ ਘੜੂੰਆਂ ਪੁੱਜੇ ਤਾਂ ਥਾਣਾ ਮੁਖੀ ਸਬ-ਇੰਸਪੈਕਟਰ ਮਨਫ਼ੂਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦੇਣ ਦੀ ਬਜਾਏ ਥਾਣੇ ਦੇ ਮੁਨਸ਼ੀ ਨੂੰ ਧਮਕੀ ਭਰੇ ਲਹਿਜ਼ੇ 'ਚ ਹੁਕਮ ਦਿੱਤਾ ਕਿ ਖ਼ਬਰ ਸਬੰਧੀ ਜਾਣਕਾਰੀ ਲੈਣ ਆਏ ਪੱਤਰਕਾਰਾਂ ਦਾ ਨਾਮ ਰੋਜ਼ਨਾਮਚੇ 'ਚ ਦਰਜ ਕਰੋ ਅਤੇ ਪੱਤਰਕਾਰਾਂ ਨੂੰ ਕਿਹਾ ਕਿ ਪੀੜਤ ਵਿਦਿਆਰਥਣ ਦੇ ਬਿਆਨ ਦਰਜ ਨਹੀਂ ਹੋਏ ਅਜੇ ਇਸ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਥਾਣਾ ਘੜੁੰਆਂ ਵਲੋਂ ਪੀੜਤ ਲੜਕੀ ਦੇ ਦੋ ਦਿਨਾਂ ਵਿਚ ਦੋ-ਤਿੰਨ ਬਾਰ ਬਿਆਨ ਲਏ ਜਾ ਚੁੱਕੇ ਹਨ ਪਰ ਖ਼ਬਰ ਲਿਖੇ ਜਾਣ ਤੱਕ ਪਰਚਾ ਦਰਜ ਨਹੀਂ ਸੀ ਹੋਇਆ। ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ ਡੀ. ਐੱਸ. ਪੀ. ਖਰੜ ਨਾਲ ਗੱਲਬਾਤ ਕਰੋ।


Related News