ਜਲੰਧਰ : ਕੈਂਬ੍ਰਿਜ ਸਕੂਲ ਦੀ 10ਵੀਂ ਦੀ ਵਿਦਿਆਰਥਣ ਚੌਥੀ ਮੰਜ਼ਿਲ ਤੋਂ ਡਿੱਗੀ

01/11/2018 3:05:26 PM

ਜਲੰਧਰ (ਪ੍ਰੀਤ) : ਕੈਂਬ੍ਰਿਜ ਸਕੂਲ 'ਚ ਦਸਵੀਂ ਕਲਾਸ ਦੀ ਵਿਦਿਆਰਥਣ ਸ਼ੱਕੀ ਹਾਲਾਤ ਵਿਚ ਸਕੂਲ ਦੀ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗੀ ਹੈ। ਵਿਦਿਆਰਥਣ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਲੋਂ ਲੜਕੀ ਨੂੰ ਜਲੰਧਰ ਦੇ ਕਿਸੇ ਵੀ ਹਸਪਤਾਲ 'ਚ ਲਿਜਾਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਕਪੂਰਥਲਾ ਦੇ ਨਾਸਾ ਹਸਪਤਾਲ 'ਚ ਲਿਜਾਇਆ ਗਿਆ।ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12.45 ਵਜੇ ਖੁਸ਼ੀ ਜਦੋਂ ਬ੍ਰੇਕ ਤੋਂ ਬਾਅਦ ਆਪਣੀ ਕਲਾਸ ਵੱਲ ਜਾ ਰਹੀ ਸੀ ਕਿ ਅਚਾਨਕ ਚੌਥੀ ਮੰਜ਼ਿਲ ਤੋਂ ਹੇਠਾਂ ਡਿੱਗ ਪਈ। ਵਿਦਿਆਰਥਣ ਦੇ ਡਿੱਗਣ ਨਾਲ ਸਕੂਲ ਵਿਚ ਹਫੜਾ-ਦਫੜੀ ਮਚ ਗਈ। ਸਕੂਲ ਮੈਨੇਜਮੈਂਟ ਨੇ ਉਸ ਨੂੰ ਤੁਰੰਤ ਫਸਟਏਡ ਦਿੱਤੀ ਅਤੇ ਪਿਮਸ ਹਸਪਤਾਲ ਅਤੇ ਫਿਰ ਐੱਸ. ਜੀ. ਐੱਲ. ਤੇ ਉਥੋਂ ਰੈਫਰ ਕੀਤੇ ਜਾਣ ਤੋਂ ਬਾਅਦ ਕਪੂਰਥਲਾ ਰੋਡ ਸਥਿਤ ਐੱਨ. ਐੱਚ. ਐੱਸ. (ਨਾਸਾ ਐਂਡ ਹੱਬ ਸੁਪਰ ਸਪੈਸ਼ਲਿਟੀ ਹਸਪਤਾਲ) ਦਾਖਲ ਕਰਵਾਇਆ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਪੁਲਸ ਫੋਰਸ ਸਣੇ ਮੌਕੇ 'ਤੇ ਪਹੁੰਚੇ। ਇੰਸ. ਬਰਾੜ ਨੇ ਦੱਸਿਆ ਕਿ ਵਿਦਿਆਰਥਣ ਕਿਨ੍ਹਾਂ ਹਾਲਾਤਾਂ 'ਚ ਡਿੱਗੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪਰਿਵਾਰਕ ਮੈਂਬਰ ਕੁਝ ਵੀ ਦੱਸਣ ਤੋਂ ਅਸਮਰਥ ਹਨ। ਵਿਦਿਆਰਥਣ ਦੇ ਹੋਸ਼ ਵਿਚ ਆਉਣ ਤੋਂ ਬਾਅਦ ਅਤੇ ਉਸ ਦੀਆਂ ਕਲਾਸਮੇਟਸ ਕੋਲੋਂ ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿਚ ਘਟਨਾ ਦਾ ਕੋਈ ਕਾਰਨ ਸਾਹਮਣੇ ਆਉਂਦਾ ਹੈ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਮੌਕੇ 'ਤੇ ਮਿਲਿਆ 'ਆਈ ਕੁਇਟ-ਖੁਸ਼ੀ' ਲਿਖਿਆ ਸੁਸਾਈਡ ਨੋਟ
ਵਿਦਿਆਰਥਣ ਦੇ ਚੌਥੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਜ਼ਮੀਨ 'ਤੇ ਖੂਨ ਹੀ ਖੂਨ ਖਿਲਰਿਆ ਪਿਆ ਸੀ। ਪਤਾ ਲੱਗਾ ਹੈ ਕਿ ਘਟਨਾ ਵਾਲੀ ਥਾਂ 'ਤੇ ਪੁਲਸ ਨੂੰ ਕਾਪੀ ਦਾ ਇਕ ਪੇਜ ਮਿਲਿਆ ਹੈ, ਜਿਸ 'ਤੇ ਲਿਖਿਆ ਹੈ 'ਆਈ ਕੁਇਟ-ਖੁਸ਼ੀ'। ਪੁਲਸ ਨੇ ਇਹ ਕਾਗਜ਼ ਜ਼ਬਤ ਕੀਤਾ ਹੈ। ਇਸ ਤੱਥ ਦੀ ਪੁਸ਼ਟੀ ਕਰਦੇ ਹੋਏ ਇੰਸ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਹੀ ਇਹ ਪੇਜ ਮਿਲਿਆ ਹੈ। ਫਿਲਹਾਲ ਵਿਦਿਆਰਥਣ ਦੀ ਹਾਲਤ ਗੰਭੀਰ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੇ ਵੀ ਕੋਈ ਬਿਆਨ ਕਲਮਬੱਧ ਨਹੀਂ ਕਰਵਾਏ ਹਨ। ਜਾਂਚ ਤੋਂ ਬਾਅਦ ਹੀ  ਘਟਨਾ ਦੇ ਕਾਰਨ ਸਪੱਸ਼ਟ ਹੋਣਗੇ।
ਸਿਰ ਅਤੇ ਰੀੜ੍ਹ ਦੀ ਹੱਡੀ 'ਚ ਇੰਜਰੀ48 ਘੰਟੇ ਲਈ ਆਬਜ਼ਰਵੇਸ਼ਨ 'ਚ : ਡਾ. ਸੰਦੀਪ ਗੋਇਲ
ਵਿਦਿਆਰਥਣ ਖੁਸ਼ੀ ਦਾ ਇਲਾਜ ਕਰ ਰਹੇ ਐੱਨ. ਐੱਚ. ਐੱਸ. ਹਸਪਤਾਲ ਦੇ ਡਾ. ਸੰਦੀਪ  ਗੋਇਲ ਨੇ ਦੱਸਿਆ ਕਿ ਵਿਦਿਆਰਥਣ ਦੀ ਹਾਲਤ ਫਿਲਹਾਲ ਸਟੇਬਲ ਹੈ ਪਰ ਉਸ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿਚ ਇੰਜਰੀ ਡਿਟੈਕਟ ਕੀਤੀ ਗਈ ਹੈ। ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾ. ਗੋਇਲ ਨੇ ਦੱਸਿਆ ਕਿ ਵਿਦਿਆਰਥਣ ਨੂੰ ਅਗਲੇ 48 ਘੰਟੇ ਲਈ ਆਬਜ਼ਰਵੇਸ਼ਨ 'ਤੇ ਰੱਖਿਆ ਗਿਆ ਹੈ। ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।


Related News