14 ਸਾਲਾ ਬੱਚੀ ਨੇ ਦਲੇਰੀ ਨਾਲ ਛੋਟੀ ਭੈਣ ਸਣੇ ਬਚਾਈਆਂ ਕਈ ਸਵਾਰੀਆਂ, ਪਰ ਨਹੀਂ ਬਚਾ ਸਕੀ ਮਾਂ ਦੀ ਜਾਨ
Sunday, Dec 29, 2024 - 04:37 AM (IST)
ਤਲਵੰਡੀ ਸਾਬੋ (ਮੁਨੀਸ਼)- ਬੀਤੇ ਦਿਨੀਂ ਬਠਿੰਡਾ-ਤਲਵੰਡੀ ਵਿਚਕਾਰ ਵਾਪਰੇ ਬੱਸ ਹਾਦਸੇ ਵਿਚ 14 ਸਾਲਾ ਬੱਚੀ ਦੀ ਬਹਾਦਰੀ ਨੇ ਨਾ ਸਿਰਫ ਆਪਣੀ 4 ਸਾਲਾ ਭੈਣ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਇਆ, ਸਗੋਂ ਬੱਸ ਵਿਚ ਸਵਾਰ ਹੋਰ ਸਵਾਰੀਆਂ ਨੂੰ ਵੀ ਬਚਾਉਣ ਵਿਚ ਮਦਦ ਕੀਤੀ। ਪਰ ਬਦਕਿਸਮਤੀ ਰਹੀ ਕਿ ਉਹ ਇਸ ਹਾਦਸੇ ’ਚ ਆਪਣੀ ਮਾਂ ਨੂੰ ਬਚਾਉਣ ’ਚ ਸਫਲ ਨਹੀਂ ਹੋ ਸਕੀ।
ਹਰਿਆਣਾ ਦੇ ਪਿੰਡ ਹੁਕਮਾਂਵਾਲੀ ਫਤਿਹਾਬਾਦ ਦੀ ਰਹਿਣ ਵਾਲੀ 14 ਸਾਲਾ ਲੜਕੀ ਗਗਨਦੀਪ ਕੌਰ ਆਪਣੇ ਨਾਨਕੇ ਪਿੰਡ ਚੁੱਘੇਵਾਲਾ ਬਠਿੰਡਾ ਜਾਣ ਲਈ ਹੁਕਮਾਂਵਾਲੀ ਤੋਂ ਘਰੋਂ ਨਿਕਲੀ ਸੀ। ਇਸ ਦੌਰਾਨ ਉਸ ਦੀ 4 ਸਾਲਾ ਭੈਣ ਮਹਿਕਦੀਪ ਕੌਰ ਅਤੇ ਮਾਤਾ ਪਰਮਜੀਤ ਕੌਰ ਵੀ ਉਸ ਦੇ ਨਾਲ ਸਨ।
ਹਾਦਸੇ ਸਬੰਧੀ ਗਗਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰੇਮ ਕੁਮਾਰ ਅਤੇ ਮਾਤਾ ਪਰਮਜੀਤ ਕੌਰ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਉਸ ਦੀ ਮਾਤਾ ਪਰਮਜੀਤ ਕੌਰ ਨੇ ਆਪਣੇ ਨਾਨਕੇ ਘਰ ਚੂੰਘਕਲਾਂ ਜਾਣ ਦੀ ਯੋਜਨਾ ਬਣਾਈ। ਉਹ ਆਪਣੀ ਭੈਣ ਅਤੇ ਮਾਂ ਨਾਲ ਪਿਛਲੀ ਸੀਟ ’ਤੇ ਬੈਠੀ ਸੀ।
ਇਹ ਵੀ ਪੜ੍ਹੋ- ਮਸ਼ਹੂਰ ਰੈਸਟੋਰੈਂਟ 'ਚ ਪੈ ਗਈ ਰੇਡ, ਮਾਲਕ ਨੇ ਕਿਹਾ ; 'ਮੁਲਾਜ਼ਮ ਮੁਫ਼ਤ 'ਚ ਮੰਗਦੇ ਖਾਣਾ, ਨਹੀਂ ਦਿੱਤਾ ਤਾਂ...'
ਇਸ ਦੌਰਾਨ ਤਲਵੰਡੀ ਸਾਬੋ ਤੋਂ ਬਠਿੰਡਾ ਜਾਣ ਵਾਲੀ ਬੱਸ ਜਾਂਦੇ ਸਮੇਂ ਇਕ ਟਰਾਲਾ ਉਸ ਦੇ ਸਾਹਮਣੇ ਆ ਗਿਆ ਅਤੇ ਬੱਸ ਡਰੇਨ ਵਿੱਚ ਜਾ ਡਿੱਗੀ। ਜਦੋਂ ਬੱਸ ਡਾਵਾਂਡੋਲ ਹੋਣ ਲੱਗੀ ਤਾਂ ਗਗਨਦੀਪ ਕੌਰ ਦਾ ਹੱਥ ਖਿੜਕੀ ਦੀ ਗਰਿੱਲ ਵਿਚ ਫਸ ਗਿਆ, ਜਿਸ ਕਾਰਨ ਉਸ ਦੀ ਪਕੜ ਮਜ਼ਬੂਤ ਹੋ ਗਈ। ਜਿਸ ਕਾਰਨ ਉਹ ਗੰਦੇ ਪਾਣੀ ’ਚ ਡਿੱਗਣ ਤੋਂ ਬਚ ਗਈ, ਜਦਕਿ ਉਸ ਨੇ ਆਪਣੀ ਮਾਤਾ ਪਰਮਜੀਤ ਕੌਰ ਨੂੰ ਵੀ ਕਾਫੀ ਦੇਰ ਤਕ ਆਪਣੇ ਨਾਲ ਰੱਖਿਆ ਪਰ ਉਹ ਬੱਸ ’ਚ ਭਰੇ ਗੰਦੇ ਪਾਣੀ ’ਚ ਜਾ ਡਿੱਗੀ। ਜਿਸ ਤੋਂ ਬਾਅਦ ਉਸ ਦੀ ਮਾਤਾ ਬੇਹੋਸ਼ ਹੋ ਗਈ ਤੇ ਦੋਵੇਂ ਭੈਣਾਂ ਲੋਕਾਂ ਦੀ ਮਦਦ ਨਾਲ ਬਾਹਰ ਨਿਕਲ ਆਈਆਂ।
ਬੱਸ ਵਿਚ ਫਸੇ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਅਤੇ ਐਮਰਜੈਂਸੀ ਖਿੜਕੀ ’ਚੋਂ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਸ-ਪਾਸ ਕਈ ਲੋਕ ਮੌਜੂਦ ਸਨ ਪਰ ਜ਼ਿਆਦਾ ਲੋਕ ਮੋਬਾਈਲ ’ਤੇ ਵੀਡੀਓ ਬਣਾਉਣ ’ਚ ਰੁੱਝੇ ਹੋਏ ਸਨ। ਇਸ ਤੋਂ ਬਾਅਦ ਨੌਜਵਾਨ ਤੇ ਲੋਕਾਂ ਨੇ ਰੌਲਾ ਪਾਇਆ। ਜ਼ਿਕਰਯੋਗ ਹੈ ਕਿ ਮ੍ਰਿਤਕਾ ਪਰਮਜੀਤ ਕੌਰ ਦੀਆਂ 6 ਧੀਆਂ ਸਨ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਸੀ ਤੇ ਇਕ ਕੁੜੀ ਕਿਸੇ ਰਿਸ਼ਤੇਦਾਰ ਨੇ ਗੋਦ ਲੈ ਲਈ ਸੀ। ਹੁਣ ਚਾਰ ਧੀਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਪਿਤਾ ’ਤੇ ਆ ਗਈ ਹੈ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਮ੍ਰਿਤਕਾ ਪਰਮਜੀਤ ਕੌਰ ਦੇ ਪਤੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਲੜਕੀਆਂ ਨੂੰ ਬੱਸ ’ਤੇ ਛੱਡ ਕੇ ਗਿਆ ਸੀ ਤੇ ਜਾਣ ਤੋਂ ਪਹਿਲਾ ਉਸ ਦੀ ਪਤਨੀ ਦੇ ਨਾਲ ਕੰਮ ਕਰਦੀਆਂ ਔਰਤਾਂ ਨੂੰ ਦੇਣ ਵਾਲੇ ਪੈਸੇ ਵੀ ਦੇ ਕੇ ਆਇਆ ਸੀ ਕਿ ਇਹ ਪੈਸੇ ਉਨ੍ਹਾਂ ਔਰਤਾਂ ਦੇ ਹਨ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਸਮਾਗਮਾਂ ਵਿੱਚ ਰੋਟੀ ਬਣਾਉਣ ਦਾ ਕੰਮ ਕਰ ਕੇ ਘਰ ਚਲਾਉਣ ਵਿਚ ਮੇਰੀ ਮਦਦ ਕਰਦੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e